Fazilka News: ਫਾਜ਼ਿਲਕਾ 'ਚ ਅੱਜ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ (Banwarilal Purohit) ਪਹੁੰਚੇ ਹਨ, ਜਿਨ੍ਹਾਂ ਨੇ ਸਰਹੱਦੀ ਇਲਾਕੇ ਦੇ ਲੋਕਾਂ ਨਾਲ ਮੁਲਾਕਾਤ ਦੇ ਤਹਿਤ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ। ਇਸ ਦੌਰਾਨ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਨਸ਼ਾ ਗਲੀਆਂ ਵਿੱਚ ਵਿੱਕ ਰਿਹਾ ਹੈ।

ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਇਨ੍ਹਾਂ ਦਿਨੀਂ ਸਰਹੱਦੀ ਇਲਾਕਿਆਂ ਦੇ ਦੌਰੇ 'ਤੇ ਹਨ। ਇਸ ਤਹਿਤ ਹੀ ਰਾਜਪਾਲ ਅੱਜ ਭਾਰਤ-ਪਾਕਿਸਤਾਨ ਸਰਹੱਦੀ ਇਲਾਕੇ ਨਾਲ ਲੱਗਦੇ ਫਾਜ਼ਿਲਕਾ ਜ਼ਿਲ੍ਹੇ ਵਿਚ ਪਹੁੰਚੇ, ਜਿੱਥੇ ਉਨ੍ਹਾਂ ਨੇ ਫਾਜ਼ਿਲਕਾ ਦੇ ਸਰਕਾਰੀ MR ਕਾਲਜ ਵਿੱਚ ਸਾਦੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ, ਜਿੱਥੇ ਸਰਹੱਦੀ ਇਲਾਕੇ ਦੇ ਲੋਕਾਂ ਨੂੰ ਉਨ੍ਹਾਂ ਨੇ ਸੰਬੋਧਨ ਕੀਤਾ। ਇਸ ਮੌਕੇ ਰਾਜਪਾਲ ਨੇ ਗਲੀ-ਗਲੀ ਵਿੱਚ ਵਿੱਕ ਰਹੇ ਨਸ਼ੇ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਹੈ। ਪੰਜਾਬ ਦੇ ਰਾਜਪਾਲ ਦਾ ਕਹਿਣਾ ਹੈ ਕਿ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ।

ਉਥੇ ਹੀ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਦਿਤੇ ਗਏ ਬਿਆਨ 'ਤੇ ਪਲਟਵਾਰ ਕਰਦੇ ਹੋਏ ਪੰਜਾਬ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਉਹ ਕਿਸੇ ਨੂੰ ਵੀ ਬਲੇਮ ਨਹੀਂ ਕਰ ਰਹੇ ਬਲਕਿ ਕੇਂਦਰ ਸਰਕਾਰ ਵੀ ਇਸ ਮਾਮਲੇ 'ਤੇ ਲੱਗੀ ਹੋਈ ਹੈ ਤੇ ਸਰਹੱਦਾਂ 'ਤੇ ਤਨਾਤ ਬੀਐਸਐਫ ਵੱਲੋਂ ਡਰੋਨ ਡੇਗੇ ਜਾ ਰਹੇ ਹਨ।


 ਇਹ ਵੀ ਪੜ੍ਹੋ : ਪੰਜਾਬ ਦੇ 90 ਨਵੇਂ ਵਿਧਾਇਕਾਂ ਨੂੰ ਦਿੱਤੀ ਜਾਵੇਗੀ ਟ੍ਰੇਨਿੰਗ, 13 ਤੋਂ 15 ਫਰਵਰੀ ਤੱਕ ਸਿਖਲਾਈ ਸੈਸ਼ਨ

ਨਾਲ ਹੀ ਚੰਡੀਗੜ੍ਹ ਦੇ ਸਾਬਕਾ ਐਸਐਸਪੀ ਕੁਲਦੀਪ ਸਿੰਘ ਚਾਹਲ ਦੀ ਸੀਬੀਆਈ ਜਾਂਚ ਮਾਮਲੇ 'ਤੇ ਉਨ੍ਹਾਂ ਕਿਹਾ ਕਿ ਮੈਨੂੰ ਪਤਾ ਸੀ ਇਸ ਵਿੱਚ ਸ਼ਾਮਲ ਨੇ ਤੇ ਹੁਣ ਜਾਂਚ ਵਿੱਚ ਸਭ ਪਤਾ ਚੱਲ ਜਾਏਗਾ। ਇਸ ਤੋਂ ਇਲਾਵਾ ਉਨ੍ਹਾਂ ਨੇ ਫ਼ਾਜ਼ਿਲਕਾ ਪੁਲਿਸ ਦੀ ਤਾਰੀਫ਼ ਵੀ ਕੀਤੀ। ਪੰਜਾਬ ਰਾਜਪਾਲ ਨੇ ਕਿਹਾ ਕਿ ਫਾਜ਼ਿਲਕਾ ਵਿੱਚ ਪੁਲਿਸ ਵੱਲੋਂ ਕਾਫੀ ਨਸ਼ਾ ਬਰਾਮਦ ਵੀ ਕੀਤਾ ਗਿਆ ਹੈ ਪਰ ਫਿਰ ਵੀ ਸਤਰਕ ਰਹਿਣ ਦੀ ਲੋੜ ਹੈ।




ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੀਤੇ ਕੱਲ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ (Banwarilal Purohit) ਗੁਰਦਾਸਪੁਰ ਵਿਖੇ ਪਹੁੰਚੇ ਸਨ। ਇਸ ਮੌਕੇ 'ਤੇ ਉਨ੍ਹਾਂ ਨੇ ਗੁਰਦਾਸਪੁਰ ਦੇ ਹੋਟਲ ਮੈਨੇਜਮੈਂਟ ਕਾਲਜ ਵਿਖੇ ਪਿੰਡਾਂ ਦੇ ਸਰਪੰਚਾਂ ਤੇ ਕੁਝ ਸਰਹੱਦੀ ਇਲਾਕੇ ‘ਚ ਰਹਿ ਰਹੇ ਲੋਕਾਂ ਦੇ ਨਾਲ ਗੱਲਬਾਤ ਕੀਤੀ। ਇਸ ਦੌਰਾਨ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਦੇ ਰਾਜਪਾਲ ਨੇ ਕਿਹਾ ਕਿ ਪੰਜਾਬ ਦਾ ਇੱਕ ਗੌਰਵਮਈ ਇਤਿਹਾਸ ਹੈ, ਇਸ ਮੌਕੇ ਉਨ੍ਹਾਂ ਕਿਹਾ ਕਿ ਜੋ ਸਰਹੱਦੀ ਜ਼ਿਲ੍ਹਿਆਂ ਦੇ ਨਾਲ ਲੱਗਦੇ ਪਿੰਡਾਂ ਦੇ ਲੋਕ ਹਨ, ਉਨ੍ਹਾਂ ਦੀ ਪੰਜਾਬ ਵਿੱਚ ਬਹੁਤ ਵੱਡੀ ਮਹੱਤਤਾ ਹੈ।