ਚੰਦੇ ਤੇ ਅਫ਼ਸਰਾਂ ਦੀ ਮਦਦ ਨਾਲ ਸੁਧਰੇਗੀ ਸਰਕਾਰੀ ਸਕੂਲਾਂ ਦੀ ਹਾਲਤ
ਏਬੀਪੀ ਸਾਂਝਾ | 17 Nov 2018 11:12 AM (IST)
ਚੰਡੀਗੜ੍ਹ: ਭਾਵੇਂ ਪੰਜਾਬ ਸਰਕਾਰ ਸਿੱਖਿਆ ਸੁਧਾਰ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਪਰ ਅਸਲ ਤਸਵੀਰ ਤਾਂ ਸਕੂਲਾਂ ਅੰਦਰ ਜਾ ਕੇ ਹੀ ਪਤਾ ਚੱਲਦੀ ਹੈ। ਸਰਕਾਰੀ ਸਕੂਲਾਂ ਦਾ ਪੱਧਰ ਦਿਨੋਂ-ਦਿਨ ਹੇਠਾਂ ਡਿੱਗ ਰਿਹਾ ਹੈ। ਪਰ ਹੁਣ ਸਰਕਾਰੀ ਸਕੂਲਾਂ ਦੀ ਹਾਲਤ ਸੁਧਾਰਨ ਲਈ ਚੰਦਾ ਇਕੱਠਾ ਕੀਤਾ ਜਾਏਗਾ ਅਤੇ ਇਸ ਕੰਮ ਲਈ ਸਰਕਾਰੀ ਅਫ਼ਸਰਾਂ ਦੀ ਮਦਦ ਲਈ ਜਾਏਗੀ। ਇਸ ਕੰਮ ਲਈ ਤਰਨ ਤਾਰਨ ਦੇ ਡੀਸੀ ਪ੍ਰਦੀਪ ਕੁਮਾਰ ਸਭਰਵਾਲ ਨੇ ਸੇਵਾ ਸੁਸਾਇਟੀ ਫਾਰ ਐਜੂਕੇਸ਼ਨ ਐਂਡ ਵੇਲਫੇਅਰ ਐਕਟੀਵਿਟੀ ਦਾ ਗਠਨ ਕੀਤਾ ਹੈ। ਇਸ ਸਬੰਧੀ ਡੀਸੀ ਦਫ਼ਤਰ ਵਿੱਚ ਵਿਸ਼ੇਸ਼ ਬੈਠਕ ਕੀਤੀ ਗਈ। ਸਭਰਵਾਲ ਨੇ ਕਿਹਾ ਕਿ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਪ੍ਰਬੰਧ ਸੁਧਾਰਨ ਲਈ ਇਸ ਸੁਸਾਇਟੀ ਦਾ ਗਠਨ ਕੀਤਾ ਗਿਆ ਹੈ। ਇਸ ਸੁਸਾਇਟੀ ਦੇ ਮੈਂਬਰ ਦਾਨੀ ਸੱਜਣਾਂ ਤੋਂ ਚੰਦਾ ਇਕੱਠਾ ਕਰ ਕੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਬੱਚਿਆਂ ਲਈ ਜ਼ਰੂਰੀ ਪ੍ਰਬੰਧ ਕਰਨਗੇ। ਦਾਨੀ ਕੈਸ਼, ਚੈੱਕ ਜਾਂ RTGS ਰਾਹੀਂ ਚੰਦਾ ਭੇਜ ਸਕਦੇ ਹਨ। ਚੰਦੇ ਦੀ ਰਕਮ ਨਾਲ ਸਭ ਤੋਂ ਪਹਿਲਾਂ ਸਰਕਾਰੀ ਹਾਈ ਤੇ ਪ੍ਰਾਈਮਰੀ ਸਕੂਲਾਂ ਵਿੱਚ ਬੱਚਿਆਂ ਦੇ ਬੈਠਣ ਲਈ ਡੈਸਕਾਂ ਦਾ ਪ੍ਰਬੰਧ ਕੀਤਾ ਜਾਏਗਾ।