ਚੰਡੀਗੜ੍ਹ: ਪਿਛਲੇ ਦਿਨਾਂ ਤੋਂ ਪੰਜਾਬ ਦੀ ਸਿਆਸਤ ਵਿੱਚ ਐਸਆਈਟੀ ਵੱਲੋਂ ਬਾਦਲਾਂ ਨੂੰ ਸੰਮਨ ਕੀਤੇ ਜਾਣ ਤੋਂ ਇਲਾਵਾ ਜਿਹੜਾ ਮੁੱਦਾ ਚਰਚਾ ਦਾ ਵਿਸ਼ਾ ਬਣਿਆ, ਉਹ ਹੈ ਫ਼ਾਜ਼ਿਲਕਾ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਵੱਲੋਂ ਮਹਿਲਾ ਥਾਣਾ ਮੁਖੀ ਨਾਲ ਫ਼ੋਨ 'ਤੇ ਬਦਤਮੀਜ਼ੀ ਦਾ ਵਾਇਰਲ ਆਡੀਓ ਕਲਿੱਪ। ਪਰ ਆਖ਼ਰ ਉਹ ਕੀ ਕਾਰਨ ਸੀ, ਜਿਸ ਕਾਰਨ ਹਲਕਾ ਵਿਧਾਇਕ ਇੰਨੇ ਤੈਸ਼ ਵਿੱਚ ਆ ਗਏ ਕਿ ਉਨ੍ਹਾਂ ਇੱਕ ਮਹਿਲਾ ਪੁਲਿਸ ਅਧਿਕਾਰੀ ਨੂੰ ਵੀ ਅਵਾ-ਤਵਾ ਬੋਲਣ ਵਿੱਚ ਗੁਰੇਜ਼ ਨਾ ਕੀਤਾ। ਇੰਨਾ ਹੀ ਨਹੀਂ ਇਸ ਤੋਂ ਬਾਅਦ ਉਹ ਮੀਡੀਆ ਵਿੱਚ ਆਪਣੀ ਇਸ 'ਸੂਰਮਗਤੀ' ਨੂੰ ਜਾਇਜ਼ ਵੀ ਠਹਿਰਾਅ ਰਹੇ ਹਨ।
ਉੱਪਰ ਤਸਵੀਰ ਵਿੱਚ ਜੋ ਦਸਤਾਰਧਾਰੀ ਵਿਅਕਤੀ ਹੈ ਉਹ ਅਕਾਲੀ ਦਲ ਦੇ ਫ਼ਿਰੋਜ਼ਪੁਰ ਤੋਂ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਦੇ ਪੁੱਤਰ ਅਤੇ ਫ਼ਾਜ਼ਿਲਕਾ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਹਨ ਅਤੇ ਵਿਚਕਾਰ ਹੈ ਫ਼ਾਜ਼ਿਲਕਾ ਦਾ ਹੀ ਰਹਿਣ ਵਾਲਾ 22 ਸਾਲਾ ਕੁਲਦੀਪ ਕੁਮਾਰ ਜੋ ਪੇਸ਼ੇ ਵਜੋਂ ਕਾਂਗਰਸੀ ਵਰਕਰ ਹੈ। ਇਸੇ ਕੁਲਦੀਪ ਕੁਮਾਰ ਖ਼ਾਤਰ ਹੀ ਐਮਐਲਏ ਸਾਬ ਮਹਿਲਾ ਥਾਣਾ ਮੁਖੀ ਨਾਲ ਉਲਝ ਪਏ।
ਫ਼ਾਜ਼ਿਲਕਾ ਥਾਣਾ ਸਿਟੀ ਵਿਖੇ ਤਾਇਨਾਤ ਲਵਮੀਤ ਕੌਰ ਨੇ ਦੱਸਿਆ ਸੀ ਕਿ ਤਕਰੀਬਨ ਹਫ਼ਤਾ ਪਹਿਲਾਂ ਉਨ੍ਹਾਂ ਮੋਟਰਸਾਈਕਲ ਸਵਾਰ ਨੌਜਵਾਨ (ਕੁਲਦੀਪ ਕੁਮਾਰ) ਨੂੰ ਰੋਕਿਆ ਸੀ, ਜਿਸ ਤੋਂ ਬਾਅਦ ਹਲਕਾ ਵਿਧਾਇਕ ਨੇ ਉਨ੍ਹਾਂ ਨਾਲ ਅਜਿਹਾ ਸਲੂਕ ਕੀਤਾ। ਮਹਿਲਾ ਅਧਿਕਾਰੀ ਮੁਤਾਬਕ ਉਨ੍ਹਾਂ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਵੀ ਸੂਚਿਤ ਕਰ ਦਿੱਤਾ ਹੈ ਤੇ ਉਹੀ ਅੱਗੇ ਕਾਰਵਾਈ ਕਰਨਗੇ।
ਇਹ ਵੀ ਪੜ੍ਹੋ: ਪਹਿਲਾਂ ਕੈਬਨਿਟ ਮੰਤਰੀ ਤੇ ਹੁਣ ਕਾਂਗਰਸੀ ਵਿਧਾਇਕ ਨੇ ਮਹਿਲਾ ਪੁਲਿਸ ਅਧਿਕਾਰੀ ਨਾਲ ਫ਼ੋਨ 'ਤੇ ਕੀਤੀ ਬਦਸਲੂਕੀ
ਵਿਧਾਇਕ ਦਵਿੰਦਰ ਘੁਬਾਇਆ ਨੇ 'ਏਬੀਪੀ ਸਾਂਝਾ' ਨਾਲ ਖ਼ਾਸ ਗੱਲਬਾਤ ਦੌਰਾਨ ਮੰਨਿਆ ਕਿ ਉਕਤ ਆਡੀਓ ਉਨ੍ਹਾਂ ਦਾ ਹੀ ਹੈ ਅਤੇ ਉਨ੍ਹਾਂ ਨੂੰ ਇਸ 'ਤੇ ਕੋਈ ਅਫ਼ਸੋਸ ਨਹੀਂ ਹੈ। ਕਿਸੇ ਔਰਤ ਨਾਲ ਗੱਲਬਾਤ ਕਰਨ ਲਈ ਇਸ ਲਹਿਜ਼ੇ 'ਤੇ ਜਵਾਬ ਦੇਣ ਦੀ ਬਜਾਇ ਉਹ ਐਸਐਚਓ ਉੱਪਰ ਫ਼ਾਜ਼ਿਲਕਾ ਵਿੱਚ ਜੁਰਮ ਨੂੰ ਕਾਬੂ ਰੱਖਣ ਵਿੱਚ ਅਸਫ਼ਲ ਰਹਿਣ ਦੇ ਦੋਸ਼ ਲਾਉਣ ਲੱਗੇ।
ਹਾਲਾਂਕਿ, ਇਸ ਮਾਮਲੇ ਵਿੱਚ ਕੈਪਟਨ ਦੇ ਮੰਤਰੀ ਓਪੀ ਸੋਨੀ ਤਾਂ ਵਿਧਾਇਕ ਦੇ ਬਚਾਅ ਵਿੱਚ ਨਿੱਤਰ ਆਏ ਹਨ। ਪਰ ਹੁਣ ਦੇਖਣਾ ਹੋਵੇਗਾ ਕਿ ਕੀ ਕੈਪਟਨ ਅਮਰਿੰਦਰ ਸਿੰਘ ਇੱਕ ਮਹਿਲਾ ਆਈਏਐਸ ਨੂੰ ਵ੍ਹੱਟਸਐਪ 'ਤੇ ਸੁਨੇਹੇ ਭੇਜ ਕੇ ਤੰਗ ਕਰਨ ਵਾਲੇ ਮੰਤਰੀ ਕਾਰਨ ਪੈਦਾ ਹੋਏ ਵਿਵਾਦ ਵਾਂਗ ਇਸ ਨੂੰ ਹੱਲ ਕਰਵਾਉਣਗੇ ਜਾਂ ਆਪਣੇ ਵਿਧਾਇਕ ਨੂੰ ਤਹਿਜ਼ੀਬ ਦਾ ਪਾਠ ਪੜ੍ਹਾਉਣਗੇ?