ਜਲੰਧਰ: ਪੁਲਿਸ ਨੇ ਵਾਹਨ ਚੋਰੀ ਤੇ ਏਟੀਐਮ ਠੱਗੀ ਦੇ ਦੋ ਵੱਖ-ਵੱਖ ਮਾਮਲਿਆਂ 'ਚ 10 ਮੁਲਜ਼ਮਾਂ ਨੂੰ ਕਾਬੂ ਕਰਨ ਤੇ ਉਨ੍ਹਾਂ ਕੋਲੋਂ ਵੱਡੀ ਮਾਤਰਾ 'ਚ ਸਾਮਾਨ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।

ਪਹਿਲੇ ਮਾਮਲੇ 'ਚ ਪੁਲਿਸ ਨੇ ਵਾਹਨ ਚੋਰ ਗਰੋਹ ਦੇ ਦੋ ਮੈਂਬਰ ਕਾਬੂ ਕੀਤੇ ਹਨ ਜਿਨ੍ਹਾਂ ਕੋਲੋਂ 11 ਮੋਟਰਸਾਈਕਲ ਤੇ ਪੰਜ ਮੋਟਰਸਾਈਕਲ ਇੰਜਣ ਬਰਾਮਦ ਹੋਏ ਹਨ। ਇਹ ਗਰੋਹ ਚੋਰੀ ਦੇ ਮੋਟਰਸਾਈਕਲਾਂ ਦਾ ਸਾਮਾਨ ਕਬਾੜ 'ਚ ਵੇਚ ਕੇ ਪੈਸੇ ਕਮਾਉਂਦਾ ਕਰਦਾ ਸੀ।



ਇਸੇ ਤਰ੍ਹਾਂ ਦੂਜੇ ਮਾਮਲੇ 'ਚ ਪੁਲਿਸ ਨੇ ਏਟੀਐਮ ਠੱਗ ਗਰੋਹ ਦੇ ਅੱਠ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਹ ਗਰੋਹ ਧੋਖੇ ਨਾਲ ਏਟੀਐਮ ਕਾਰਡ ਬਦਲ ਕੇ ਆਮ ਲੋਕਾਂ ਨੂੰ ਸ਼ਿਕਾਰ ਬਣਾਉਂਦਾ ਸੀ।

ਪੁਲਿਸ ਨੇ ਇਸ ਗਰੋਹ ਤੋਂ 36 ਏਟੀਐਮ ਕਾਰਡ, 46 ਹਜ਼ਾਰ ਰੁਪਏ ਨਕਦ, ਦੋ ਮੋਟਰਸਾਈਕਲ ਤੇ ਇੱਕ ਸਕੂਟਰ ਬਰਾਮਦ ਕੀਤਾ ਹੈ। ਪੁਲਿਸ ਮੁਤਾਬਕ ਮੁੱਢਲੀ ਪੜਤਾਲ ਦੌਰਾਨ ਇਨ੍ਹਾਂ ਮੁਲਜ਼ਮਾਂ ਦੇ ਅੜਿੱਕੇ ਆਉਣ ਨਾਲ ਕਈ ਮਾਮਲੇ ਸੁਲਝੇ ਹਨ ਤੇ ਅਦਾਲਤ ਤੋਂ ਇਨ੍ਹਾਂ ਦਾ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।