ਚੰਡੀਗੜ੍ਹ: ਮੋਗਾ ਵਿੱਚ ਪਤੀ ਨੇ ਆਪਣੀ ਗਰਭਵਤੀ ਪਤਨੀ ਦੀ ਕੁੱਟਮਾਰ ਕੀਤੀ ਜਿਸ ਪਿੱਛੋਂ ਉਸ ਦੀ ਤੇ ਉਸ ਦੇ ਬੱਚੇ ਮੌਤ ਹੋ ਗਈ। 15 ਮਹੀਨੇ ਪਹਿਲਾਂ ਮਮਤਾ ਨੇ ਆਪਣੇ ਘਰਦਿਆਂ ਖ਼ਿਲਾਫ਼ ਜਾ ਕੇ ਅਮਨ ਨਾਂ ਦੇ ਮੁੰਡੇ ਨਾਲ ਪ੍ਰੇਮ ਵਿਆਹ ਕਰਵਾਇਆ ਸੀ। ਪੁਲਿਸ ਨੇ ਪਤੀ ਅਮਨ ਤੇ ਦਾਈ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਦਰਅਸਲ ਮੁਲਜ਼ਮ ਅਮਨ ਨੇ ਆਪਣੀ ਪਤਨੀ ਮਮਤਾ ਦੀ ਕੁੱਟਮਾਰ ਕੀਤੀ ਜੋ ਨੌਂ ਮਹੀਨਿਆਂ ਦੀ ਗਰਭਵਤੀ ਸੀ। ਉਸ ਦੇ ਲੇਬਰ ਪੇਨ ਸ਼ੁਰੂ ਹੋਣ ਬਾਅਦ ਅਮਨ ਉਸ ਨੂੰ ਹਸਪਤਾਲ ਲੈ ਕੇ ਜਾਣ ਦੀ ਬਜਾਏ ਕਿਸੇ ਦਾਈ ਕੋਲ ਲੈ ਗਿਆ। ਇੱਥੇ ਮਮਤਾ ਦੀ ਡਿਲੀਵਰੀ ਦੌਰਾਨ ਉਸ ਦੇ ਬੱਚੇ ਦੀ ਮੌਤ ਹੋ ਗਈ। ਇਸ ਪਿੱਛੋਂ ਮਮਤਾ ਦੀ ਹਾਲਤ ਵਿਗੜਦੀ ਵੇਖ ਦਾਈ ਨੇ ਉਸ ਨੂੰ ਸਿਵਲ ਹਸਪਤਾਲ ਲੈ ਕੇ ਜਾਣ ਦੀ ਸਲਾਹ ਦਿੱਤੀ। ਹਸਪਤਾਲ ਵਿੱਚ ਇਲਾਜ ਦੌਰਾਨ ਮਮਤਾ ਦੀ ਵੀ ਮੌਤ ਹੋ ਗਈ। ਮੁਲਜ਼ਮ ਅਮਨ ਮਰੀ ਹੋਈ ਮਮਤਾ ਨੂੰ ਹਸਪਤਾਲ ਛੱਡ ਕੇ ਫਰਾਰ ਹੋ ਗਿਆ।

ਮਮਤਾ ਦੇ ਮਾਪਿਆਂ ਨੂੰ ਜਦੋਂ ਇਸ ਗੱਲ ਬਾਰੇ ਪਤਾ ਲੱਗਾ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਦਾਈ ਦੇ ਘਰ ਪਹੁੰਚ ਕੀਤੀ। ਦਾਈ ਨੇ ਬੱਚਾ ਪੈਦਾ ਹੋਣ ਦੀ ਗੱਲ ਤੋਂ ਇਨਕਾਰ ਕਰ ਦਿੱਤਾ। ਇਸ ਪਿੱਛੋਂ ਉਨ੍ਹਾਂ ਥਾਣੇ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਜਦੋਂ ਦਾਈ ਦੇ ਘਰ ਦੀ ਤਲਾਸ਼ੀ ਲਈ ਤਾਂ ਸਟੋਰ ਵਿੱਚ ਪਈ ਬੋਰੀ ਵਿੱਚੋਂ ਖੂਨ ਨਿਕਲ ਰਿਹਾ ਸੀ। ਬੋਰੀ ਵਿੱਚ ਦੇਖਿਆ ਤਾਂ ਨਵਜਾਤ ਬੱਚੇ ਨੂੰ ਬਿੱਲੀ ਨੋਚ-ਨੋਚ ਕੇ ਖਾ ਰਹੀ ਸੀ।

ਪੁਲਿਸ ਨੇ ਦੱਸਿਆ ਕਿ ਮ੍ਰਿਤਕ ਦੀ ਮਾਂ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਸ਼ੀਆਂ ਦੀ ਭਾਲ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ। ਮਮਤਾ ਦੇ ਘਰ ਵਾਲਿਆਂ ਹਾਲੇ ਕੋਈ ਬਿਆਨ ਨਹੀਂ ਦਿੱਤਾ।