ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ ਸਰਕਾਰ ਵੱਲੋਂ ਦਾਨ 'ਚ ਲਏ ਪਲਾਜ਼ਮਾ (ਬਲੱਡ ਸੈੱਲ) ਦੀ ਕੋਰੋਨਾ ਮਰੀਜ਼ਾਂ ਕੋਲੋਂ 20 ਹਜ਼ਾਰ ਰੁਪਏ ਪ੍ਰਤੀ ਯੂਨਿਟ ਲੈਣ ਸੰਬੰਧੀ ਫ਼ੈਸਲਾ ਵਾਪਸ ਲਏ ਜਾਣ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਇਸ ਨੂੰ ਲੋਕਾਂ ਦੀ ਜਿੱਤ ਕਰਾਰ ਦਿੱਤਾ ਹੈ।



ਇਸ ਦੇ ਨਾਲ ਹੀ 'ਆਪ' ਸੰਸਦ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਲਾਹ ਦਿੱਤੀ ਕਿ ਉਹ ਆਤਮ-ਚਿੰਤਨ ਕਰਕੇ ਅਜਿਹੇ ਹੋਰ ਦਰਜਨਾਂ ਲੋਕ ਮਾਰੂ ਫ਼ੈਸਲਿਆਂ 'ਤੇ ਵੀ ਨਜ਼ਰਸਾਨੀ ਕਰਨ ਜਿੰਨਾ ਕਰਕੇ ਪੰਜਾਬ ਦੇ ਲੋਕ ਬੁਰੀ ਤਰਾਂ ਪਿਸ ਰਹੇ ਹਨ।ਭਗਵੰਤ ਮਾਨ ਨੇ ਕਿਹਾ ਕਿ ਲੋਕਾਂ ਦੇ ਰੋਹ ਨੂੰ ਭਾਂਪਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣਾ ਬੇਤੁਕਾ, ਹਾਸੋਹੀਣਾ ਅਤੇ ਤੁਗ਼ਲਕੀ ਫ਼ਰਮਾਨ ਵਾਪਸ ਲੈਣ ਲਈ ਮਜਬੂਰ ਹੋਣਾ ਪੈ ਗਿਆ।