ਲਹੂ ਹੋਇਆ ਚਿੱਟਾ, ਦਾਦਾ ਦਾਦੀ ਨੇ ਚਾਰ ਲੱਖ 'ਚ ਵੇਚਿਆ ਪੋਤਾ
ਏਬੀਪੀ ਸਾਂਝਾ | 10 Oct 2019 12:01 PM (IST)
ਚਿੱਟੇ ਲਹੂ ਦੀ ਮਿਸਾਲ ਪਟਿਆਲਾ ਵਿੱਚ ਵੇਖਣ ਨੂੰ ਮਿਲੀ। ਇੱਥੇ ਦਾਦਾ-ਦਾਦੀ ਵੱਲੋਂ ਆਪਣੇ ਡੇਢ ਮਹੀਨੇ ਦੇ ਪੋਤੇ ਨੂੰ ਚਾਰ ਲੱਖ ਵਿੱਚ ਵੇਚ ਦਿੱਤਾ ਗਿਆ। ਪੁਲਿਸ ਨੇ ਦਾਦਾ-ਦਾਦਾ ਸੱਤ ਜਣਿਆਂ ਨੂੰ ਗ੍ਰਿਫ਼ਤਾਰ ਕਰਕੇ ਬਰਾਮਦ ਕੀਤਾ ਬੱਚਾ ਮਾਂ ਦੇ ਹਵਾਲੇ ਕਰ ਦਿੱਤਾ ਹੈ।
ਪਟਿਆਲਾ: ਚਿੱਟੇ ਲਹੂ ਦੀ ਮਿਸਾਲ ਪਟਿਆਲਾ ਵਿੱਚ ਵੇਖਣ ਨੂੰ ਮਿਲੀ। ਇੱਥੇ ਦਾਦਾ-ਦਾਦੀ ਵੱਲੋਂ ਆਪਣੇ ਡੇਢ ਮਹੀਨੇ ਦੇ ਪੋਤੇ ਨੂੰ ਚਾਰ ਲੱਖ ਵਿੱਚ ਵੇਚ ਦਿੱਤਾ ਗਿਆ। ਪੁਲਿਸ ਨੇ ਦਾਦਾ-ਦਾਦਾ ਸੱਤ ਜਣਿਆਂ ਨੂੰ ਗ੍ਰਿਫ਼ਤਾਰ ਕਰਕੇ ਬਰਾਮਦ ਕੀਤਾ ਬੱਚਾ ਮਾਂ ਦੇ ਹਵਾਲੇ ਕਰ ਦਿੱਤਾ ਹੈ। ਪਟਿਆਲਾ ਦੇ ਐਸਐਸਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੇ ਪਿੰਡ ਮੀਰਾਂਪੁਰ ਵਿੱਚ ਰਹਿੰਦੇ ਲਖਨਊ ਦੇ ਮੂਲ ਵਾਸੀ ਰਾਕੇਸ਼ ਨੇ ਚਾਰ ਅਕਤੂਬਰ ਨੂੰ ਸ਼ਿਕਾਇਤ ਲਿਖਵਾਈ ਸੀ ਕਿ 2 ਅਕਤੂਬਰ ਨੂੰ ਉਸ ਦੇ ਡੇਢ ਸਾਲ ਦੇ ਲੜਕੇ ਪ੍ਰਿੰਸ ਨੂੰ ਹਸਪਤਾਲ ਤੋਂ ਕੋਈ ਔਰਤ ਧੋਖੇ ਨਾਲ ਲੈ ਗਈ ਹੈ। ਉਨ੍ਹਾਂ ਕਿਹਾ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਬੱਚੇ ਨੂੰ ਉਸ ਦੇ ਦਾਦਾ ਸਕਾਈ ਰਾਮ ਤੇ ਦਾਦੀ ਕ੍ਰਿਸ਼ਨਾ ਦੇਵੀ ਦਵਾਈ ਦਿਵਾਉਣ ਲਈ ਰਾਜਿੰਦਰਾ ਹਸਪਤਾਲ ਲੈ ਕੇ ਗਏ ਸਨ। ਪੁਲਿਸ ਵੱਲੋਂ ਕੀਤੀ ਮੁੱਢਲੀ ਜਾਂਚ ਦੌਰਾਨ ਇਹ ਮਨੁੱਖੀ ਤਸਕਰੀ ਦਾ ਮਾਮਲਾ ਨਿਕਲ਼ਿਆ। ਇਸ ਤਹਿਤ ਸਕਾਈ ਰਾਮ ਤੇ ਕ੍ਰਿਸ਼ਨਾ ਸਮੇਤ ਮਮਤਾ ਪਤਨੀ ਨਰੇਸ਼ ਕੁਮਾਰ ਵਾਸੀ ਬਰਨਾਲਾ, ਕਮਲੇਸ਼ ਪਤਨੀ ਸਤਪਾਲ ਵਾਸੀ ਮਾਨਸਾ ਖ਼ਿਲਾਫ਼ ਕੇਸ ਦਰਜ ਕਰਕੇ ਚਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਅਗਲੇਰੀ ਜਾਂਚ ਦੌਰਾਨ ਰਾਜਿੰਦਰਾ ਹਸਪਤਾਲ ਦੀ ਵਾਰਡ ਅਟੈਂਡੈਟ ਸਰੋਜ ਬਾਲਾ, ਸੀਮਾ ਵਾਸੀ ਸਹਾਰਨਪੁਰ ਤੇ ਬੱਚਾ ਖਰੀਦਣ ਵਾਲ਼ੇ ਸੰਗਰੂਰ ਵਾਸੀ ਪੰਕਜ ਗੋਇਲ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਜਿਨ੍ਹਾਂ ਦੇ ਕਬਜ਼ੇ ਵਿੱਚੋਂ ਬਰਾਮਦ ਕੀਤਾ ਗਿਆ। ਉਧਰ ਬੱਚੇ ਦੇ ਖਰੀਦਦਾਰ ਕੋਲ ਦਸਾਂ ਸਾਲਾਂ ਦੀ ਲੜਕੀ ਵੀ ਦੱਸੀ ਜਾ ਰਹੀ ਹੈ। ਐਸਐਸਪੀ ਸਿੱਧੂ ਅਨੁਸਾਰ ਹਸਪਤਾਲ ਵਿੱਚ ਸਰੋਜ ਬਾਲਾ ਨੇ ਬੱਚੇ ਨੂੰ ਵੇਚਣ ਦੀ ਗੱਲ ਚਲਾਈ, ਤਾਂ ਸਕਾਈ ਰਾਮ ਵੱਲੋਂ ਸਹਿਮਤੀ ਦੇ ਦਿੱਤੀ ਗਈ। ਇਸ ਮਗਰੋਂ ਸਰੋਜ ਨੇ ਆਪਣੀ ਜਾਣਕਾਰ ਮਮਤਾ, ਮਮਤਾ ਨੇ ਸਹੇਲੀ ਕਮਲੇਸ਼ ਕੌਰ ਨੂੰ ਤੇ ਕਮਲੇਸ਼ ਨੇ ਆਪਣੀ ਦੂਰ ਦੀ ਰਿਸ਼ਤੇਦਾਰ ਊਸ਼ਾ ਵਾਸੀ ਅੰਮ੍ਰਿਤਸਰ ਨੂੰ ਖਰੀਦਦਾਰ ਲੱਭਣ ਲਈ ਆਖਿਆ। ਊਸ਼ਾ ਵੱਲੋਂ ਦੱਸ ਪਾਉਣ ’ਤੇ ਉਸ ਦੀ ਸਹੇਲੀ ਸੀਮਾ ਨੇ ਅੱਗੇ ਆਪਣੀ ਦੇਹਰਾਦੂਨ ਵਾਸੀ ਸਹੇਲੀ ਬੀਬਾ ਕੋਲ ਗੱਲ ਕੀਤੀ ਜਿਸ ਨੇ ਸੰਗਰੂਰ ਵਾਸੀ ਪੰਕਜ ਗੋਇਲ ਨੂੰ ਬੱਚੇ ਦੀ ਲੋੜ ਹੋਣ ਬਾਰੇ ਦੱਸਿਆ ਤੇ ਸਾਰਿਆਂ ਨੇ ਰਲ ਕੇ ਇਹ ਬੱਚਾ ਕਥਿਤ ਰੂਪ ’ਚ ਪੰਕਜ ਗੋਇਲ ਨੂੰ ਚਾਰ ਲੱਖ ਵਿੱਚ ਵੇਚ ਦਿੱਤਾ। ਐਸਐਸਪੀ ਨੇ ਹੋਰ ਦੱਸਿਆ ਕਿ ਮੁਲਜ਼ਮਾਂ ਤੋਂ 1.94 ਲੱਖ ਰੁਪਏ ਬਰਾਮਦ ਕਰ ਲਏ ਗਏ ਹਨ।