ਪੰਜਾਬ ਭਾਜਪਾ ਦੇ ਸੀਨੀਅਰ ਆਗੂ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਪੰਜਾਬ ’ਚ ਅਮਨ ਕਾਨੂੰਨ ਦੀ ਸਥਿਤੀ ਬੇਹੱਦ ਵਿਗੜ ਚੁੱਕੀ ਹੈ। ਅਪਰਾਧ ਦਾ ਗਰਾਫ਼ ਤੇਜ਼ੀ ਨਾਲ ਵਧਿਆ ਹੈ। ਨਿੱਤ ਹੁੰਦੀਆਂ ਵੱਡੀਆਂ ਵਾਰਦਾਤਾਂ ਨਾਲ ਪੰਜਾਬ ਕੰਬ ਰਿਹਾ ਹੈ। ਸਰਕਾਰ ਦੇ ਪੈਂਤੜਿਆਂ ਕਾਰਨ ਅਪਰਾਧੀ ਅਨਸਰਾਂ ’ਚ ਪੁਲੀਸ ਦਾ ਖੌਫ ਖ਼ਤਮ ਹੋ ਚੁੱਕਿਆ ਹੈ। ਜਿੱਥੇ ਕਾਊਂਟਰ ਇੰਟੈਲੀਜੈਂਸ ਇੰਸਪੈਕਟ ਤਕ ਸੁਰੱਖਿਅਤ ਨਹੀਂ ਉੱਥੇ ਆਮ ਲੋਕ ਸੁਰੱਖਿਅਤ ਕਿਵੇਂ ਰਹਿ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ’ਚ ਜੰਗਲ ਦਾ ਰਾਜ ਹੈ ਅਤੇ ਲੋਕਾਂ ਵਿਚ ਡਰ ਤੇ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ। ਇੱਕੋ ਦਿਨ  ਅੰਮ੍ਰਿਤਸਰ ’ਚ ਦਿਨ ਦਿਹਾੜੇ ਪੁਲੀਸ ਇੰਸਪੈਕਟਰ ਨੂੰ ਸ਼ਰੇਆਮ ਗੋਲ਼ੀਆਂ ਮਾਰੀਆਂ ਗਈਆਂ। ਤਰਨ ਤਾਰਨ ਦੇ ਪਿੰਡ ਤੁੰਗ ’ਚ ਪਰਿਵਾਰ ਦੇ ਤਿੰਨ ਜੀਆਂ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸੇ ਜ਼ਿਲ੍ਹੇ ਦੇ ਪਿੰਡ ਘਰਿਆਲਾ ਰਾਤ ਸਮੇਂ ਜਿੰਮ ਮਾਲਕ ਰਣਜੀਤ ਸਿੰਘ ਨੂੰ ਅੰਨ੍ਹੇਵਾਹ ਗੋਲੀਆਂ ਮਾਰੀਆਂ ਗਈਆਂ।


ਅੰਮ੍ਰਿਤਸਰ ’ਚ ਹਥਿਆਰਾਂ ਦੀ ਨੇਕ ’ਤੇ ਦਵਾਈ ਵਿਕਰੇਤਾ ਤੋਂ 10 ਲੱਖ ਦੀ ਲੁੱਟ ਕੀਤੀ ਗਈ, ਭਿਖੀ ਵਿੰਡ ਦੇ ਇਕ ਡਾਕਟਰ ਤੋਂ ਜਾਨੋਂ ਮਾਰਨ ਦੀ ਧਮਕੀ ਦੇ ਕੇ 2 ਕਰੋੜ ਦੀ ਫਿਰੌਤੀ ਮੰਗੀ ਗਈ। ਫਿਰੌਤੀ ਨੂੰ ਲੈ ਕੇ ਬਠਿੰਡਾ ਦੇ ਕਾਰੋਬਾਰੀ ਦੀ ਕੀਤੀ ਗਈ ਹੱਤਿਆ ਨਾਲ ਕਾਰੋਬਾਰੀ ਪਹਿਲਾਂ ਹੀ ਡਰੇ ਹੋਏ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਦੇ ਹਾਲਾਤ ਹਨ ਕੋਈ ਵੀ ਸਨਅਤਕਾਰ ਸੂਬੇ ਵਿਚ ਠਹਿਰ ਕੇ ਰਾਜ਼ੀ ਨਹੀਂ ਹਨ। ਇੱਥੋਂ ਵਪਾਰੀ ਵਰਗ ਵੀ ਕੂਚ ਕਰਨ ਬਾਰੇ ਸੋਚ ਰਹੇ ਹਨ। ਇਸ ਦੇ ਬਾਵਜੂਦ ਮੁੱਖ ਮੰਤਰੀ ਭਗਵੰਤ ਮਾਨ ਹਾਲਾਤ ਨੂੰ ਸੁਧਾਰਨ ’ਚ ਕੋਈ ਦਿਲਚਸਪੀ ਨਹੀਂ ਦਿਖਾ ਰਹੇ ਹਨ। ਕੇਵਲ ਇਸ਼ਤਿਹਾਰਾਂ ’ਚ ਆਪਣੀ ਅਤੇ ਅਰਵਿੰਦ ਕੇਜਰੀਵਾਲ ਦੀ ਵਾਹ ਵਾਹ ਕਰਾ ਰਹੇ ਹਨ। ਉਨ੍ਹਾਂ ਕਿਹਾ ਕਿ ਮਾਨ ਸਰਕਾਰ 50 ਹਜ਼ਾਰ ਕਰੋੜ ਤੋਂ ਵੱਧ ਕਰਜ਼ਾ ਲੈ ਚੁੱਕਿਆ ਹੈ ਜਿਸ ਵਿਚੋਂ  ਰਾਜ ਦੇ ਵਿਕਾਸ ਦੀ ਥਾਂ 800 ਕਰੋੜ ਰੁਪਏ ਇਸ਼ਤਿਹਾਰਾਂ ’ਤੇ ਖ਼ਰਚ ਦਿੱਤੇ ਗਏ ਹਨ। ਕੇਜਰੀਵਾਲ ਅਤੇ ’ਆਪ’ ਦੇ ਚੋਣ ਪ੍ਰਚਾਰ ਲਈ ਹੈਲੀਕਾਪਟਰ ਅਤੇ ਫਿਕਸਡ ਵਿੰਗ ਛੋਟੇ ਲਗਜ਼ਰੀ ਜਹਾਜ਼ਾਂ ਦੀ ਵਰਤੋਂ ਕਰਦਿਆਂ 50 ਕਰੋੜ ਤੋਂ ਵੱਧ ਪੰਜਾਬ ਦੇ ਖ਼ਜ਼ਾਨੇ ਨੂੰ ਖੋਰਾ ਲਾਉਣ ਦੇ ਚਰਚੇ ਹਨ। ਪ੍ਰੋ. ਸਰਚਾਂਦ ਸਿੰਘ ਨੇ ਮੁੱਖਮੰਤਰੀ ਭਗਵੰਤ ਮਾਨ ਨੂੰ ਚੋਣ ਪ੍ਰਚਾਰ ’ਚ ਲੱਗੇ ਕੇਜਰੀਵਾਲ ਦੀ ਡਰਾਈਵਰੀ ਛੱਡ ਕੇ ਪੂਰੀ ਤਰ੍ਹਾਂ ਬੇਕਾਬੂ ਹੋ ਚੁੱਕੀ ਪੰਜਾਬ ਦੀ ਅਮਨ-ਕਾਨੂੰਨ ਦੀ ਸਥਿਤੀ ਨੂੰ ਆਮ ਵਰਗੇ ਬਣਾਉਣ ਅਤੇ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਕਰਨ ਵੱਲ ਵਿਸ਼ੇਸ਼ ਧਿਆਨ ਦੇਣ ਲਈ ਕਿਹਾ। ਅਜਿਹਾ ਨਹੀਂ ਕਰ ਸਕਦੇ ਤਾਂ ਭਗਵੰਤ ਮਾਨ ਨੂੰ ਆਪਣੇ ਅਹੁਦੇ 'ਤੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ।



ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਦੇ ਨਾਮ ’ਤੇ ਹੋਂਦ ਵਿਚ ਆਈ ਆਪ ਪਾਰਟੀ ਖ਼ੁਦ ਗਰਦਨ ਤਕ ਭ੍ਰਿਸ਼ਟਾਚਾਰ ’ਚ ਧਸ ਚੁੱਕੀ ਹੈ। ਸ਼ਰਾਬ ਘੋਟਾਲੇ ’ਚ 338 ਕਰੋੜ ਰੁਪਏ ਦਾ ਲਾਭ ਹਾਸਲ ਕਰਨ ਦੇ ਮਾਮਲੇ ’ਚ ਖ਼ੁਦ ਕੇਜਰੀਵਾਲ ਈ ਡੀ ਕੋਲ ਪੇਸ਼ ਹੋਣ ਤੋਂ ਡਰ ਸਤਾ ਰਿਹਾ ਹੈ। ਭ੍ਰਿਸ਼ਟਾਚਾਰ ਦੇ ਮਾਮਲਿਆਂ ’ਚ ਕੇਜਰੀਵਾਲ ਦੀ ਪੂਰੀ ਟੀਮ ਦਾ ਪਰਦਾਫਾਸ਼ ਹੋ ਚੁਕਾ ਹੈ। ਪੰਜਾਬ ਦਾ ਆਪ ਵਿਧਾਇਕ  ਜਸਵੰਤ ਸਿੰਘ ਗੱਜਣਮਾਜਰਾ ਬੈਂਕ ਫਰੈਂਡ ਕੇਸ ਵਿਚ ਤਾਂ ਡਰੱਗਜ਼ ਨਾਲ ਜੁੜੀ ਮਨੀ ਲਾਂਡਰਿੰਗ ਦੇ ਕੇਸ ਵਿਚ ਇਸ ਦਾ ਇਕ ਹੋਰ ਵਿਧਾਇਕ ਕੁਲਵੰਤ ਸਿੰਘ ਸਲਾਖ਼ਾਂ ਦੇ ਪਿੱਛੇ ਹੈ।