ਰਵਨੀਤ ਕੌਰ ਦੀ ਰਿਪੋਰਟ


ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਦੀ ਭਤੀਜੀ 50,000 ਰੁਪਏ ਮਹੀਨਾ ਤਨਖਾਹ ਲੈ ਕੇ ਉਨ੍ਹਾਂ ਦੀ ਕੁੱਕ ਵਜੋਂ ਨੌਕਰੀ ਕਰਦੀ ਸੀ। ਇਸ ਤੋਂ ਬਾਅਦ 'ਚ ਉਸ ਨੂੰ ਵਿਧਾਨ ਸਭਾ 'ਚ ਕਲਰਕ ਵਜੋਂ ਐਡਜਸਟ ਕੀਤਾ ਗਿਆ ਸੀ। ਉਂਝ ਸੁਮਨਪ੍ਰੀਤ ਕੌਰ ਦਾ ਅਜਿਹਾ "ਹਾਈ ਪ੍ਰੋਫਾਈਲ" ਰੁਜ਼ਗਾਰ ਦਾ ਇਕੱਲਾ ਮਾਮਲਾ ਨਹੀਂ। ਅਜਿਹੇ ਮਾਮਲਿਆਂ ਦੀ ਲਿਸਟ ਲੰਬੀ-ਚੌੜੀ ਹੈ ਜਿਸ ਦੀ ਹੁਣ ਜਾਂਚ ਹੋਵੇਗੀ।


ਇਸ ਖੁਲਾਸੇ ਮਗਰੋਂ ਪੰਜਾਬ ਸਰਕਾਰ ਨੇ ਕਾਂਗਰਸ ਦੇ ਪਿਛਲੇ ਰਾਜ ਦੌਰਾਨ ਵਿਧਾਨ ਸਭਾ 'ਚ 154 ਵਿਅਕਤੀਆਂ ਦੀ ਭਰਤੀ ਦੀ ਜਾਂਚ ਦੇ ਹੁਕਮ ਦਿੱਤੇ ਸਨ। ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਇਸ ਮਾਮਲੇ ਦੀ ਜਾਂਚ ਕਰਨਗੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਸੈਰ ਸਪਾਟਾ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਸ਼ਿਕਾਇਤ ਮਿਲੀ ਹੈ। ਉਨ੍ਹਾਂ ਕਿਹਾ ਕਿ ਭਰਤੀਆਂ 'ਚ ਕਿਸੇ ਵੀ ਤਰ੍ਹਾਂ ਦੀ ਬੇਨਿਯਮੀ ਦੀ ਜਾਂਚ ਕੀਤੀ ਜਾਵੇਗੀ। 


ਸ਼ਿਕਾਇਤਕਰਤਾ ਹਰਜੋਤ ਬੈਂਸ ਨੇ ਦੋਸ਼ ਲਾਇਆ ਹੈ ਕਿ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਦੀ ਸਿਫ਼ਾਰਸ਼ 'ਤੇ ਵੱਧ ਤੋਂ ਵੱਧ ਸਿਆਸੀ ਪਰਿਵਾਰਾਂ ਦੇ ਨੇੜਲਿਆਂ ਨੂੰ ਭਰਤੀ ਕੀਤਾ ਗਿਆ ਸੀ। ਇਨ੍ਹਾਂ 'ਚ ਉਨ੍ਹਾਂ ਦਾ ਇੱਕ ਰਿਸ਼ਤੇਦਾਰ ਵੀ ਸ਼ਾਮਲ ਸੀ, ਜਿਸ ਨੂੰ ਕਲਰਕ ਨਿਯੁਕਤ ਕੀਤਾ ਗਿਆ ਸੀ ਪਰ ਇਸ ਤੱਥ ਨੂੰ ਰਾਣਾ ਕੇਪੀ ਸਿੰਘ ਨੇ ਨਕਾਰਿਆ ਦਿੱਤਾ ਹੈ।


ਅਹਿਮ ਗੱਲ ਹੈ ਕਿ ਸਾਬਕਾ ਮੰਤਰੀ ਬ੍ਰਹਮ ਮਹਿੰਦਰਾ ਤੇ ਮਨਪ੍ਰੀਤ ਬਾਦਲ ਸਮੇਤ ਹੋਰ ਸਾਬਕਾ ਮੰਤਰੀ ਤੇ ਇੱਥੋਂ ਤਕ ਕਿ ਵਿਧਾਨ ਸਭਾ ਦਾ ਸਟਾਫ ਵੀ ਨੌਕਰੀਆਂ ਲਈ ਨਾਵਾਂ ਦੀ ਸਿਫ਼ਾਰਸ਼ ਕਰਨ ਤੇ ਲੋਕਾਂ ਨੂੰ ਰੁਜ਼ਗਾਰ ਦਿਵਾਉਣ 'ਚ ਪਿੱਛੇ ਨਹੀਂ ਸੀ। ਸ਼ਿਕਾਇਤ 'ਚ ਸਾਬਕਾ ਸਕੱਤਰ ਸ਼ਸ਼ੀ ਲਖਨਪਾਲ ਮਿਸ਼ਰਾ, ਸਪੀਕਰ ਦੇ ਸਕੱਤਰ ਰਾਮ ਲੋਕ ਤੇ ਕੁਝ ਸਾਬਕਾ ਵਿਧਾਇਕਾਂ ਦੇ ਨਾਂ ਦਾ ਜ਼ਿਕਰ ਹੈ। ਕਲਰਕ ਦੀ ਨਿਯੁਕਤੀ ਨੂੰ ਲੈ ਕੇ ਸ਼ਿਕਾਇਤ 'ਚ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਨਾਂ ਵੀ ਸ਼ਾਮਲ ਹੈ।