ਚੰਡੀਗੜ: ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਗੁਰਪ੍ਰੀਤ ਸਿੰਘ ਕਾਂਗੜ ਅੱਜ ਗੁਰਦੁਆਰਾ ਸਾਹਿਬ ਨਾਨਕਸਰ ਪਿੰਡ ਸੀਂਗੜਾਂ ਕਰਨਾਲ ਵਿਖੇ ਬਾਬਾ ਰਾਮ ਸਿੰਘ ਜੀ ਨੂੰ ਸ਼ਰਧਾਜਲੀ ਦੇਣ ਲਈ ਪਹੁੰਚੇ। ਇਸ ਮੌਕੇ ਦੋਵਾਂ ਮੰਤਰੀਆਂ ਨੇ ਬਾਬਾ ਜੀ ਦੇ ਪੈਰੋਕਾਰਾਂ ਨਾਲ ਦੁੱਖ ਸਾਂਝਾ ਕੀਤਾ ਅਤੇ ਬਾਬਾ ਜੀ ਨੂੰ ਸ਼ਰਧਾ ਅਤੇ ਸਤਿਕਾਰ ਭੇਂਟ ਕੀਤਾ।
65 ਸਾਲਾ ਬਾਬਾ ਰਾਮ ਸਿੰਘ ਜੀ ਨਾਨਕਸਰ ਸੰਪ੍ਰਦਾਇ ਨਾਲ ਸਬੰਧ ਰੱਖਦੇ ਸਨ। ਜਿੰਨ੍ਹਾਂ ਨੇ ਬੁੱਧਵਾਰ ਕਿਸਾਨ ਸਘੰਰਸ਼ ਦੌਰਾਨ ਕੇਂਦਰ ਸਰਕਾਰ ਵਲੋਂ ਕਿਸਾਨਾਂ ਦੇ ਮਸਲੇ ਹੱਲ ਕਰਨ ਲਈ ਕੋਈ ਸੁਣਵਾਈ ਨਾ ਕਰਨ ਦੇ ਰੋਸ ਵਜੋਂ ਖੁਦ ਨੂੰ ਗੋਲੀ ਮਾਰ ਕੇ ਕੁੰਡਲੀ ਬਾਡਰ 'ਤੇ ਆਤਮਹੱਤਿਆ ਕਰ ਲਈ ਸੀ।
ਇਸ ਮੌਕੇ ਕੈਬਨਿਟ ਮੰਤਰੀ ਸ੍ਰੀ ਤ੍ਰਿਪਤ ਰਜਿੰਦਰ ਬਾਜਵਾ ਅਤੇ ਗੁਰਪ੍ਰੀਤ ਸਿੰਘ ਕਾਂਗੜ ਨੇ ਕੇਂਦਰ ਸਰਕਾਰ ਨੂੰ ਜ਼ੋਰਦਾਰ ਅਪੀਲ ਕਰਦਿਆਂ ਕਿਹਾ ਕਿ ਕਿਸਾਨਾਂ ਦੇ ਮਸਲਿਆਂ ਦਾ ਬਿਨਾਂ ਕਿਸੇ ਦੇਰੀ ਦੇ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਲੱਖਾਂ ਕਿਸਾਨ ਸਿੰਗੂ ਅਤੇ ਟਿੱਕਰੀ ਬਾਰਡਰ 'ਤੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਪਿਛਲੇ ਇੱਕ ਮਹੀਨੇ ਤੋਂ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਵੀ ਚਾਹੁੰਦੇ ਹਨ ਕਿ ਇਸ ਮਸਲੇ ਦਾ ਜਲਦ ਤੋਂ ਜਲਦ ਹੱਲ ਕੱਡਿਆ ਜਾਵੇ।
ਦੋਵਾਂ ਮੰਤਰੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਜ਼ਿੱਦ ਛੱਡ ਕੇ ਫਰਾਖ਼ਦਿਲੀ ਨਾਲ ਗੱਲਬਤ ਲਈ ਅੱਗੇ ਆ ਕੇ ਕਿਸਾਨਾਂ ਨਾਲ ਬੈਠ ਕੇ ਇਸ ਮਸਲੇ ਦਾ ਤੁਰੰਤ ਹੱਲ ਕਰਨਾ ਚਾਹੀਦਾ ਹੈ ਤਾਂ ਜੋ ਕਿਸਾਨ ਆਪਣੇ ਘਰਾਂ ਨੂੰ ਵਾਪਸ ਆ ਸਕਣ। ਦੋਵਾਂ ਮੰਤਰੀਆਂ ਨੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਠੰਡ ਦਾ ਪ੍ਰਕੋਪ ਦਿਨੋਂ ਦਿਨ ਵਧਦਾ ਜਾ ਰਿਹਾ ਹੈ ਅਤੇ ਕਈ ਕਿਸਾਨਾਂ ਦੀ ਸੰਘਰਸ਼ ਦੌਰਾਨ ਠੰਡ ਕਾਰਨ ਮੌਤ ਵੀ ਹੋ ਚੁੱਕੀ ਹੈ।
ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਹੁਣ ਤਾਂ ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ ਹੈ ਕਿ ਕੇਂਦਰ ਸਰਕਾਰ ਜਲਦ ਇਸ ਮਸਲੇ ਦਾ ਹੱਲ ਕੱਢੇ। ਇਸ ਲਈ ਹੁਣ ਕੇਂਦਰ ਨੂੰ ਵੀ ਚਾਹੀਦਾ ਹੈ ਕਿ ਬਿਨਾਂ ਦੇਰੀ ਇਸ ਮਸਲੇ ਦਾ ਹੱਲ ਕੱਢਿਆ ਜਾਵੇ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ