ਚੰਡੀਗੜ੍ਹ: ਗੁਰਦਾਸਪੁਰ ਵਿੱਚ ਇੱਕ ਵਾਰ ਫਿਰ ਕਾਂਗਰਸ ਦੀ ਆਪਸੀ ਧੜੇਬਾਜ਼ੀ ਸਾਹਮਣੇ ਆਈ ਹੈ। ਲੋਕ ਸਭ ਹਲਕਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਬਟਾਲਾ ਤੋਂ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਨੇ ਵੀ ਗੁਰਦਾਸਪੂਰ ਹਲਕੇ ਤੋਂ ਕਾਂਗਰਸ ਦੀ ਟਿਕਟ ਲੈਣ ਲਈ ਹਾਈ ਕਮਾਨ ਨੂੰ ਆਪਣੀ ਦਾਅਵੇਦਾਰੀ ਪੇਸ਼ ਕਰ ਦਿੱਤੀ ਹੈ। ਉਨ੍ਹਾਂ ਦੀ ਦਾਅਵੇਦਾਰੀ ਤੋਂ ਬਾਅਦ ਹੁਣ ਗੁਰਦਾਸਪੁਰ ਵਿੱਚ ਕਾਂਗਰਸ ਪਾਰਟੀ ਦੇ ਪ੍ਰਤਾਪ ਬਾਜਵਾ, ਸੁਨੀਲ ਜਾਖੜ ਅਤੇ ਅਸ਼ਵਨੀ ਸੇਖੜੀ ਆਹਮੋ-ਸਾਹਮਣੇ ਨਜ਼ਰ ਆ ਰਹੇ ਹਨ।
ਦੱਸ ਦੇਈਏ ਕਿ ਅਸ਼ਵਨੀ ਸੇਖੜੀ ਕਾਂਗਰਸ ਪਾਰਟੀ ਵਿੱਚ ਕਈ ਉੱਚ ਅਹੁਦਿਆਂ ਉੱਤੇ ਰਹਿ ਚੁੱਕੇ ਹਨ। ਮੰਨਿਆ ਜਾਂਦਾ ਹੈ ਕਿ ਉਹ ਸੰਸਦ ਚੋਣਾਂ ਸਬੰਧੀ ਸਮੀਕਰਣ ਬਦਲਣ ਦੇ ਸਮਰਥ ਹਨ। ਪਿਛਲੇ ਦਿਨੀਂ ਉਨ੍ਹਾਂ ਬਟਾਲਾ ਵਿੱਚ ਆਪਣਾ ਸ਼ਕਤੀ ਪ੍ਰਦਰਸ਼ਨ ਕਰਦਿਆਂ ਟਰੈਕਟਰ ਰੈਲੀ ਵੀ ਕੱਢੀ ਸੀ। ਇਸ ਵਿੱਚ ਵੱਡੀ ਗਿਣਤੀ ਲੋਕਾਂ ਨੇ ਸ਼ਮੂਲੀਮਤ ਕੀਤੀ ਸੀ।
ਹਾਲਾਂਕਿ ਉਸ ਸਮੇਂ ਉਨ੍ਹਾਂ ਰੈਲੀ ਨੂੰ ਗੈਰ ਸਿਆਸੀ ਰੈਲੀ ਕਰਾਰ ਦਿੱਤਾ ਪਰ ਅੱਜ ਉਨ੍ਹਾਂ ਲੋਕ ਸਭਾ ਚੋਣਾਂ ਲਈ ਖ਼ੁਦ ਦੀ ਦਾਅਵੇਦਾਰੀ ਪੇਸ਼ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਦਾਅਵੇਦਾਰੀ ਪੇਸ਼ ਕਰਨਾ ਉਨ੍ਹਾਂ ਦਾ ਹੱਕ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਾਂਸਦ ਸੁਨੀਲ ਜਾਖੜ ਹਨ ਅਤੇ ਜੇ ਪਾਰਟੀ ਉਨ੍ਹਾਂ ਨੂੰ ਦੁਬਾਰਾ ਚੁਣਾਵੀ ਮੈਦਾਨ ’ਚ ਉਤਾਰਦੀ ਹੈ ਤਾਂ ਉਹ ਉਨ੍ਹਾਂ ਦਾ ਸਾਥ ਦੇਣਗੇ।