ਚੰਡੀਗੜ੍ਹ: ਪੰਜਾਬੀ ਤੇ ਬਾਲੀਵੁੱਡ ਗਾਇਕ ਰੱਬੀ ਸ਼ੇਰਗਿੱਲ ਦਾ ਕਹਿਣਾ ਹੈ ਕਿ ਗਾਇਕਾਂ ਨੂੰ ਪੰਜਾਬੀਅਤ ਦੀ ਗੱਲ ਰੱਖਣੀ ਚਾਹੀਦੀ ਹੈ। ਉਨ੍ਹਾਂ ਮੌਜੂਦਾ ਗੀਤਾਂ 'ਚ ਕੁੜੀ ਲਈ 'ਪਟੋਲਾ' ਸ਼ਬਦ ਵਰਤਣ ਨੂੰ ਮੰਦਭਾਗਾ ਦੱਸਿਆ। ਗੀਤਾਂ ਵਿੱਚ ਠੱਗਪੁਣੇ ਨੂੰ ਬਹਾਦਰੀ ਕਰਕੇ ਦਿਖਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਗਾਇਕਾਂ ਨੂੰ ਮਾਰਕਿਟ ਦੇ ਹਿਸਾਬ ਨਾਲ ਨਹੀਂ, ਬਲਕਿ ਪੰਜਾਬ ਲਈ ਗਾਉਣਾ ਚਾਹੀਦਾ ਹੈ। ਹਨੀ ਸਿੰਘ ਦੇ ਨਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਉਸ ਦੇ ਨਾਂ ’ਚ ਸ਼ਹਿਦ ਪਰ ਗੱਲਾਂ 'ਚ ਜ਼ਹਿਰ ਹੈ।

ਦਰਅਸਲ ਰੱਬੀ ਪੰਜਾਬੀ ਕਿਸਾਨੀ 'ਤੇ ਨਵਾਂ ਗੀਤ ਲੈ ਕੇ ਆ ਰਹੇ ਹਨ। ਕਿਸਾਨੀ ਬਾਰੇ ਚਿੰਤਾ ਜਤਾਉਂਦਿਆਂ ਉਨ੍ਹਾਂ ਦੱਸਿਆ ਕਿ ਲਹਿਰਾਗਾਗਾ ’ਚ 3 ਹਜ਼ਾਰ ਜਣਿਆਂ ਨੇ ਖ਼ੁਦਕੁਸ਼ੀ ਕੀਤੀ ਹੈ। ਉਨ੍ਹਾਂ ਅੱਜਕਲ੍ਹ ਦੀ ਗਾਇਕੀ ’ਤੇ ਵੀ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਅੱਜਕਲ੍ਹ ਦੀ ਕਲਾ, ਕਲਾ ਘੱਟ ਪਰ ਜੀਅ ਪਰਚਾਵਾ ਜ਼ਿਆਦਾ ਬਣ ਗਈ ਹੈ। ਕਲਾ ਨੂੰ ਪੈਸੇ ਕਮਾਉਣ ਦਾ ਜ਼ਰੀਆ ਬਣ ਲਿਆ ਗਿਆ ਹੈ। ਪੈਸੈ ਦੇ ਕੇ ਯੂਟਿਊਬ ਦੇ ਵਿਊਜ਼ ਖਰੀਦੇ ਜਾਂਦੇ ਹਨ। ਇੱਥੋਂ ਤਕ ਕਿ ਯੂਟਿਊਬ ਵੀ ਮਿਊਜ਼ਿਕ ਕੰਪਨੀਆਂ ਤੋ ਪੈਸੇ ਲੈ ਕੇ ਆਪਣੀ ਜੇਬ੍ਹ ਭਰ ਰਹੀ ਹੈ।

ਸ਼ੇਰਗਿੱਲ ਨੇ ਕਿਹਾ ਕਿ ਸਾਡੀ ਜ਼ੁਬਾਨ ਹਿੰਦੀ ਦਾ ਤਰਜਮਾ ਬਣ ਗਈ ਹੈ। ਸੰਗੀਤ ਦਾ ਦੌਰ ਠੀਕ ਕਰਨ ਦੀ ਲੋੜ ਹੈ। ਪੰਜਾਬ ਦੇ ਲੋਕ ਖ਼ੁਦਮੁਖ਼ਤਿਆਰੀ ਵਾਲਾ ਕਿਰਦਾਰ ਗੁਆ ਚੁੱਕੇ ਹਨ। ਉਨ੍ਹਾਂ ਪੰਜਾਬ ਦੀ ਸਿਆਸਤ ਬਾਰੇ ਵੀ ਕਟਾਕਸ਼ ਵਾਰ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਿਆਸੀ ਲੋਕਾਂ ਦਾ ਕੋਈ ਵਿਜ਼ਨ ਨਹੀਂ ਹੈ। ਉਨ੍ਹਾਂ ਕਰਤਾਰਪੁਰ ਲਾਂਘੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਰਤਾਰਪੁਰ ਲਾਂਘਾ ਖੁੱਲ੍ਹਣਾ ਚਾਹੀਦਾ ਹੈ।