ਗੁਰਦਾਸਪੁਰ: ਇੱਥੇ ਸਰਪੰਚੀ ਚੋਣਾਂ ਦੀ ਰੰਜ਼ਿਸ਼ ਕਾਂਗਰਸੀ ਵਰਕਰ ਦੀ ਮੌਤ ਦਾ ਕਾਰਨ ਬਣ ਗਈ। ਮਾਮਲਾ ਗੁਰਦਾਸਪੁਰ ਦੇ ਪਿੰਡ ਭੈਂਸ ਦਾ ਹੈ ਜਿੱਥੇ ਸਰਪੰਚੀ ਚੋਣਾਂ ਦੌਰਾਨ ਹੋਏ ਝਗੜੇ ਦੀ ਰੰਜ਼ਿਸ਼ ਦੇ ਚੱਲਦਿਆਂ ਮੌਜੂਦਾ ਅਕਾਲੀ ਸਰਪੰਚ ਹਰਪਾਲ ਸਿੰਘ ਨੇ ਕਾਂਗਰਸੀ ਵਰਕਰ ਗੁਰਦੇਵ ਸਿੰਘ ਨੂੰ ਬੁਰਾ ਭਲਾ ਕਿਹਾ ਤੇ ਉਸ ਨੂੰ ਜ਼ਲੀਲ ਕੀਤਾ। ਇਸ ਤੋਂ ਦੁਖੀ ਹੋ ਕੇ ਕਾਂਗਰਸੀ ਵਰਕਰ ਗੁਰਦੇਵ ਸਿੰਘ ਨੇ ਜ਼ਹਿਰੀਲੀ ਦਵਾਈ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਨੇ ਅਕਾਲੀ ਸਰਪੰਚ ਸਮੇਤ 4 ਲੋਕਾਂ ਤੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।

ਮ੍ਰਿਤਕ ਕਾਂਗਰਸੀ ਵਰਕਰ ਗੁਰਦੇਵ ਸਿੰਘ ਦੇ ਪੁੱਤਰ ਹਰਜੋਬਨ ਸਿੰਘ ਨੇ ਦੱਸਿਆ ਕਿ ਸਰਪੰਚੀ ਚੋਣਾਂ ਦੌਰਾਨ ਉਨ੍ਹਾਂ ਦਾ ਝਗੜਾ ਹੋਇਆ ਸੀ। ਇਸੇ ਰੰਜ਼ਿਸ਼ ਦੇ ਚੱਲਦਿਆਂ ਪਿੰਡ ਦੇ ਮੌਜੂਦਾ ਅਕਾਲੀ ਸਰਪੰਚ ਨੇ ਉਨ੍ਹਾਂ ਦੇ ਪਿਤਾ ਨੂੰ ਕਾਫੀ ਬੁਰਾ-ਭਲਾ ਕਿਹਾ ਤੇ ਉਨ੍ਹਾਂ ਨੂੰ ਜ਼ਲੀਲ ਕੀਤਾ। ਇਸ ਕਾਰਨ ਉਹ ਕਾਫੀ ਦੁਖੀ ਹੋ ਗਏ ਤੇ ਘਰ ਆ ਕੇ ਉਨ੍ਹਾਂ ਜ਼ਹਿਰੀਲੀ ਦਵਾਈ ਪੀ ਲਈ। ਉਨ੍ਹਾਂ ਮੁਲਜ਼ਮ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਦੂਜੇ ਪਾਸੇ ਅਕਾਲੀ ਵਰਕਰ ਗੁਰਮੁਖ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਝੂਠਾ ਫਸਾਇਆ ਜਾ ਰਿਹਾ ਹੈ। ਸਰਪੰਚੀ ਚੋਣਾਂ ਦੌਰਾਨ ਕਾਂਗਰਸੀ ਵਰਕਰਾਂ ਨੇ ਉਨ੍ਹਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ ਸੀ। ਇਸ ਵਿੱਚ ਉਨ੍ਹਾਂ ਦੀ ਇੱਕ ਅੱਖ ਨਿਕਲ ਗਈ ਸੀ। ਇਨ੍ਹਾਂ ਦੇ ਇੱਕ ਮੈਂਬਰ ਨੂੰ ਸਜ਼ਾ ਹੋ ਗਈ ਹੈ ਜੋ ਜੇਲ੍ਹ ਵਿੱਚ ਬੰਦ ਹੈ ਤੇ ਬਾਕੀਆਂ ਦੀ ਜਾਂਚ ਚੱਲ ਰਹੀ ਹੈ। ਇਸ ਲਈ ਉਹ ਕੇਸ ਨੂੰ ਹਲਕਾ ਕਰਨ ਲਈ ਇਹ ਝੂਠਾ ਕੇਸ ਬਣਾ ਰਹੇ ਹਨ।

ਅਕਾਲੀ ਵਰਕਰ ਨੇ ਕਿਹਾ ਕਿ ਕਾਂਗਰਸੀ ਵਰਕਰ ਘਰੇਲੂ ਝਗੜੇ ਤੋਂ ਪ੍ਰੇਸ਼ਾਨ ਹੋ ਕੇ ਮਰਿਆ ਹੈ। ਇਸ ਨੂੰ ਸਰਪੰਚ ਨੇ ਜ਼ਲੀਲ ਨਹੀਂ ਕੀਤਾ। ਉਨ੍ਹਾਂ ਉੱਪਰ ਝੂਠਾ ਕੇਸ ਪਾਇਆ ਜਾ ਰਿਹਾ ਹੈ। ਇਸ ਲਈ ਇਸ ਕੇਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਇਸ ਮਾਮਲੇ ਸਬੰਧੀ ਐਸਐਚਓ ਮੁਖ਼ਤਿਆਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਬੇਟੇ ਦੇ ਬਿਆਨਾਂ ਤੇ ਅਕਾਲੀ ਸਰਪੰਚ ਸਮੇਤ 4 ਲੋਕਾਂ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।