ਗੁਰਦਾਸਪੁਰ: ਦੀਵਾਲੀ ਵਾਲੇ ਦਿਨ ਗੁਰਦਾਸਪੁਰ ਦੇ ਪਿੰਡ ਚੇਚੀਆ ਚੌੜੀਆਂ ਵਿੱਚ ਪਰਿਵਾਰ ਸਮੇਤ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਕੇ ਘਰ ਪਰਤ ਰਹੇ ਇੱਕ ਫੌਜੀ ਜਵਾਨ ਹਕੀਕਤ ਸਿੰਘ ਨੂੰ ਅਣਪਛਾਤੇ ਲੁਟੇਰਿਆਂ ਨੇ ਘੇਰ ਲਿਆ। ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਮਕਸਦ ਨਾਲ ਲੁਟੇਰਿਆਂ ਨੇ ਫੌਜੀ ਨੂੰ ਗੋਲ਼ੀਆਂ ਮਾਰ ਕੇ ਜ਼ਖ਼ਮੀ ਕਰ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਏ। ਜ਼ਖ਼ਮੀ ਫੌਜੀ ਨੂੰ ਪਠਾਨਕੋਟ ਦੇ ਆਰਮੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।


ਖ਼ਬਰ ਆ ਰਹੀ ਹੈ ਕਿ ਹੁਣ ਅੱਜ ਪੁਲਿਸ ਨੇ ਤਿੰਨਾਂ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਵਾਰਦਾਤ ਵੇਲੇ ਵਰਤਿਆ ਗਿਆ ਪਿਸਤੌਲ ਵੀ ਬਰਾਮਦ ਕਰ ਲਿਆ ਹੈ। ਤਿੰਨਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


ਗੁਰਦੁਸਪੁਰ ਵਿੱਚ ਪ੍ਰੈਸ ਕਾਨਫਰੰਸ ਕਰਕੇ ਐਸਪੀ ਹੈਡ ਕੁਆਰਟਰ ਨਵਜੋਤ ਸਿੰਘ ਨੇ ਦੱਸਿਆ ਕਿ ਦੀਵਾਲੀ ਵਾਲੇ ਦਿਨ ਗੁਰਦਾਸਪੁਰ ਦੇ ਪਿੰਡ ਚੇਚੀਆ ਚੌੜੀਆਂ ਵਿੱਚ ਫੌਜੀ ਹਕੀਕਤ ਸਿੰਘ ਪਰਿਵਾਰ ਵਾਲ ਆਪਣੇ ਘਰ ਜਾ ਰਿਹਾ ਸੀ ਕਿ ਰਾਹ ਵਿੱਚ ਤਿੰਨ ਲੁਟੇਰਿਆਂ ਨੇ ਉਨ੍ਹਾਂ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਤੇ ਉਨ੍ਹਾਂ ਕੋਲੋਂ ਪੈਸੇ ਖੋਹ ਲਏ। ਜਦੋਂ ਉਸ ਦੀ ਪਤਨੀ ਦਾ ਪਰਸ ਖੋਹਣ ਲੱਗੇ ਤਾਂ ਫੌਜੀ ਨੇ ਇੱਕ ਲੁਟੇਰੇ ਨੂੰ ਪਿੱਛਿਓਂ ਫੜ ਲਿਆ।


ਇਸ ਦੇ ਬਾਅਦ ਦੂਜੇ ਲੁਟੇਰੇ ਨੇ ਫੌਜੀ ਨੂੰ ਤਿੰਨ ਗੋਲ਼ੀਆਂ ਮਾਰ ਦਿੱਤੀਆਂ ਤੇ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਨਾਕਾਬੰਦੀ ਕਰਕੇ ਤਿੰਨਾਂ ਨੂੰ ਕਾਬੂ ਕਰ ਲਿਆ ਹੈ। ਇਨ੍ਹਾਂ ਖਿਲਾਫ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ। ਮੁਲਜ਼ਮਾਂ ਦੀ ਪਛਾਣ ਕੁਲਵਿੰਦਰ ਸਿੰਘ ਉਰਫ ਲਾਂਸਰ ਵਾਸੀ ਕੋਟਲੀ ਸੋਨੀਆ, ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਗੁਨੋਪੁਰ ਤੇ ਸਚਪ੍ਰੀਤ ਸਿੰਘ ਉਰਫ ਜੱਸੀ ਵਾਸੀ ਗੁਨੋਪਰ ਵਜੋਂ ਹੋਈ ਹੈ।