ਤਰਨ ਤਾਰਨ: ਇਕ ਵੱਡੀ ਕਾਰਵਾਈ ਤਹਿਤ ਪਟਿਆਲਾ ਦੇ ਅਰਬਨ ਅਸਟੇਟ ਵਿੱਚ ਤਾਇਨਾਤ ਇਕ ਮਹਿਲਾ ਏਐਸਆਈ ਰੇਨੂ ਬਾਲਾ ਨੂੰ ਪੱਟੀ ਪੁਲਿਸ ਦੇ ਨਾਟਕੋਟਿਕਸ ਸੈਲ ਵੱਲੋਂ 50 ਗ੍ਰਾਮ ਹੈਰੋਇਨ ਤੇ ਤੱਕੜੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਮਹਿਲਾ ਅਧਿਕਾਰੀ ਨੂੰ ਉਸ ਦੇ ਘਰ ਵਿੱਚੋਂ ਗ੍ਰਿਫ਼ਤਾਰ ਕੀਤਾ ਗਿਆ।


ਪੱਟੀ ਪੁਲਿਸ ਨੇ ਪੱਟੀ ਸ਼ਹਿਰ ਦੇ ਰਹਿਣ ਵਾਲੇ ਉਸਦੇ ਸਾਥੀ ਨਿਸ਼ਾਨ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਇਹ ਏਐਸਆਈ ਅਰਬਨ ਸਟੇਟ ਥਾਣੇ ਵਿੱਚ 19 ਜੂਨ 2019 ਤੋਂ ਤਾਇਨਾਤ ਸੀ। ਇਸ ਗ੍ਰਿਫ਼ਤਾਰੀ ਮਗਰੋਂ ਪੁਲਿਸ ਨੇ ਸਾਰੇ ਅਫਸਰਾਂ ਨੂੰ ਆਪਣੇ ਅਧੀਨ ਕੰਮ ਕਰਦੇ ਅਫਸਰਾਂ ਤੇ ਅਧਿਕਾਰੀਆਂ 'ਤੇ ਨਜ਼ਰ ਰੱਖਣ ਦੇ ਹੁਕਮ ਜਾਰੀ ਕੀਤੇ ਹਨ।


ਜਿਸ ਥਾਣੇ ਵਿੱਚ ਇਹ ਮਹਿਲਾ ਤਾਇਨਾਤ ਸੀ, ਉਸ ਦੇ ਮੁਖੀ ਖਿਲਾਫ ਵੀ ਵਿਭਾਗੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਪਟਿਆਲਾ ਦੇ ਐਸਐਸਪੀ ਮਨਦੀਪ ਸਿੰਘ ਨੇ ਇਸ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਮਹਿਲਾ ਏਐਸਆਈ ਦੇ ਗੈਂਗਸਟਰਾਂ ਨਾਲ ਸਬੰਧ ਹਨ, ਜਿਨ੍ਹਾਂ ਰਾਹੀਂ ਇਹ ਨਸ਼ੇ ਦਾ ਧੰਦਾ ਕਰਦੀ ਸੀ। ਇਸ ਵੱਲੋਂ ਰੀਅਲ ਅਸਟੇਟ ਦੇ ਖੇਤਰ ਵਿੱਚ ਵੀ ਕਾਫੀ ਨਿਵੇਸ਼ ਕੀਤਾ ਗਿਆ ਦੱਸਿਆ ਜਾ ਰਿਹਾ ਹੈ।