ਜਲੰਧਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲੋਂ ਕੌਮੀ ਪੁਰਸਕਾਰ ਹਾਸਲ ਕਰਨ ਵਾਲੀ ਨਕੋਦਰ ਨੇੜਲੇ ਲਿੱਤਰਾਂ ਪਿੰਡ ਦੀ ਗੁਰਦੇਵ ਕੌਰ ਨੂੰ ਚਰਖਾ ਤੇ ਸਰਟੀਫਿਕੇਟ ਲੈਣ ਲਈ ਦਫ਼ਤਰਾਂ ਦੇ ਚੱਕਰ ਕੱਟਣੇ ਪੈ ਰਹੇ ਹਨ। ਲੰਘੀ 18 ਅਕਤੂਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੁਧਿਆਣਾ ਵਿੱਚ ਹੋਏ ਸਮਾਗਮ ਦੌਰਾਨ ਗੁਰਦੇਵ ਕੌਰ ਨੂੰ 25 ਹਜ਼ਾਰ ਦਾ ਚੈੱਕ ਦੇ ਕੇ ਸਨਮਾਨਿਤ ਕੀਤਾ ਸੀ।
ਸਮਾਗਮ ਦੌਰਾਨ ਕੀਤੇ ਗਏ ਐਲਾਨ ਮੁਤਾਬਿਕ ਗੁਰਦੇਵ ਕੌਰ ਨੂੰ ਚਰਖਾ ਤੇ ਸਰਟੀਫਿਕੇਟ ਦਿੱਤਾ ਜਾਣਾ ਸੀ ਪਰ ਏਨੇ ਦਿਨ ਬੀਤਣ ਦੇ ਬਾਵਜੂਦ ਜਦੋਂ ਉਸ ਨੂੰ ਕੋਈ ਸੁਨੇਹਾ ਨਾ ਆਇਆ ਤਾਂ ਉਹ ਖਾਦੀ ਭੰਡਾਰ ਨਕੋਦਰ ਦੇ ਦਫ਼ਤਰ ਗਈ, ਜਿੱਥੇ ਉਸ ਨੂੰ ਦੱਸਿਆ ਗਿਆ ਕਿ ਚਰਖੇ ਤੇ ਸਰਟੀਫਿਕੇਟ ਮਿਲਣ ਵਾਲਿਆਂ ਦੀ ਸੂਚੀ ਵਿੱਚ ਉਸ ਦਾ ਨਾਂ ਹੀ ਸ਼ਾਮਲ ਨਹੀਂ ਹੈ।
ਉਧਰ, ਖਾਦੀ ਬੋਰਡ ਦੇ ਅਧਿਕਾਰੀਆਂ ਨੇ ਕਿਹਾ ਕਿ ਗੁਰਦੇਵ ਕੌਰ ਦਾ ਨਾਂ ਸੂਚੀ ਵਿੱਚ ਨਾ ਹੋਣ ਕਰਕੇ ਇਹ ਸਮੱਸਿਆ ਆਈ ਹੈ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਨੂੰ ਕੇਂਦਰ ਸਰਕਾਰ ਵੱਲੋਂ ਚਰਖਾ ਤੇ ਸਰਟੀਫਿਕੇਟ ਹਾਸਲ ਹੁੰਦਾ ਹੈ ਤਾਂ ਉਹ ਜ਼ਰੂਰ ਗੁਰਦੇਵ ਕੌਰ ਨੂੰ ਸਨਮਾਨ ਸਹਿਤ ਪਹੁੰਚਾ ਦੇਣਗੇ।