ਅੱਜ ਉਨ੍ਹਾਂ ਦੇ ਅੰਤਮ ਸੰਸਕਾਰ ਮੌਕੇ ਜੈਤੋ ਰਾਮ ਬਾਗ ਵਿੱਚ ਪੁੱਜੇ ਹਜ਼ਾਰਾਂ ਲੋਕਾ ਨੇ ਸ਼ਰਧਾਂਜਲੀ ਦਿੱਤੀ। ਇਸ ਮੌਕੇ ਗੁਰਦਿਆਲ ਸਿੰਘ ਦੇ ਮਿੱਤਰ ਡਾ. ਬਰਜਿੰਦਰ ਸਿੰਘ ਹਮਦਰਦ, ਡਿਪਟੀ ਕਮਿਸ਼ਨਰ ਮਾਲਵਿੰਦਰ ਸਿੰਘ ਜੱਗੀ, ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਪ੍ਰੋ. ਸਾਧੂ ਸਿੰਘ, ਤੇ ਵੱਖ-ਵੱਖ ਸਿਆਸੀ ਪਾਰਟੀਆਂ ਪਾਰਟੀਆਂ ਦੇ ਲੀਡਰ, ਪੰਜਾਬ ਭਰ ਤੋਂ ਆਏ ਪ੍ਰਸਿੱਧ ਲਿਖਾਰੀ, ਸਹਿਤਕਾਰ, ਨਾਵਲਕਾਰ ਹਾਜ਼ਰ ਸਨ। ਇਸ ਮੌਕੇ ਪੰਜਾਬ ਪੁਲਿਸ ਦੀ ਟੁਕੜੀ ਵੱਲੋ ਵੀ ਸਲਾਮੀ ਦਿੱਤੀ ਗਈ।
ਕਾਬਲੇਗੌਰ ਹੈ ਕਿ ਗੁਰਦਿਆਲ ਸਿੰਘ ਪੰਜਾਬ ਦੇ ਉਹ ਨਾਵਲਕਾਰ ਸਨ ਜਿਨ੍ਹਾਂ ਦੇ ਦੋ ਨਾਵਲਾਂ ‘ਤੇ ਪੰਜਾਬੀ ਦੀਆਂ ਕਲਾਤਮਿਕ ਫ਼ਿਲਮਾਂ ਬਣੀਆਂ। ਨਾਵਲ ਮੜ੍ਹੀ ਦਾ ਦੀਵਾ ‘ਤੇ ਪੰਜਾਬੀ ਦੀ ਪਹਿਲੀ ਕਲਾਤਮਿਕ ਫ਼ਿਲਮ ਬਣੀ ਸੀ ਤੇ ਨਾਵਲ ਅੰਨ੍ਹੇ ਘੋੜੇ ਦਾ ਦਾਨ ‘ਤੇ ਮਸ਼ਹੂਰ ਕਲਾਤਮਿਕ ਫ਼ਿਲਮ ਬਣੀ ਜਿਸ ਨੂੰ ਭਾਰਤ ਸਰਕਾਰ ਵੱਲੋਂ ਕੌਮੀ ਪੁਰਸਕਾਰ ਮਿਲਿਆ ਸੀ। ਉਨ੍ਹਾਂ ਦੇ ਨਾਵਲ ਅਣਹੋਏ,ਪਰਸਾ ਤੇ ਵੱਡੀਆਂ ਛਾਲਾਂ ਪਾਠਕਾਂ ‘ਚ ਬੇਹੱਦ ਮਕਬੂਲ ਹੋਏ।
ਗੁਰਦਿਆਲ ਸਿੰਘ ਪੰਜਾਬ ਦੇ ਅਖ਼ਬਾਰਾਂ ‘ਚ ਲਗਾਤਾਰ ਕਾਲਮ ਲਿਖ਼ਦੇ ਸਨ ਤੇ ਪਾਠਕਾਂ ਵੱਲੋਂ ਉਨ੍ਹਾਂ ਨੂੰ ਜਬਰਦਸਤ ਹੁੰਗਾਰਾ ਮਿਲਦਾ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ ਪਾਠਕਾਂ ਬੇਹੱਦ ਉਦਾਸ ਹਨ। ਪੰਜਾਬ ਦੇ ਗਜ਼ਲਗੋ ਗੁਰਭਜਨ ਗਿੱਲ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਜ਼ਹੀਨ ਲੇਖ਼ਕ ਦੇ ਤੁਰ ਜਾਣ ਨਾਲ ਪੰਜਾਬੀ ਤੇ ਪੰਜਾਬ ਨੂੰ ਵੱਡਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਉਹ ਸਿਰਫ਼ ਨਾਵਲਕਾਰ ਨਹੀਂ ਇਕ ਮਹਾਂਮਨੁੱਖ ਵੀ ਸਨ। ਪੰਜਾਬ ਦੇ ਮਸ਼ਹੂਰ ਕਵੀ ਸੁਰਜੀਤ ਪਾਤਰ ਨੇ ਉਨ੍ਹਾਂ ਦੀ ਮੌਤ ‘ਤੇ ਗਹਿਰਾ ਦੁੱਖ ਵਿਅਕਤ ਕੀਤਾ ਹੈ। ਪਾਤਰ ਦਾ ਕਹਿਣਾ ਹੈ ਕਿ ਪੰਜਾਬ ਨਾਵਲ ਨੂੰ ਅੱਜ ਵੱਡਾ ਘਾਟਾ ਪਿਆ ਹੈ ਕਿਉਂਕ ਗੁਰਦਿਆਲ ਸਿੰਘ ਨੇ ਪੰਜਾਬੀ ਨਾਵਲ ਦੇ ਇਤਿਹਾਸ ‘ਚ ਨਵੀਂ ਪੈੜਾਂ ਪਾਈਆਂ ਸਨ।