ਅੰਮ੍ਰਿਤਸਰ: ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਪੰਜਾਬ ਸਰਕਾਰ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਸੂਬੇ ਵਿੱਚ ਬਦਲਾਅ ਲਿਆਉਣ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫਰੰਟ 'ਤੇ ਫੇਲ ਸਾਬਤ ਹੋ ਰਹੀ ਹੈ। ਔਜਲਾ ਨੇ ਆਮ ਲੋਕਾਂ ਨੂੰ ਵਾਜਬ ਰੇਟਾਂ 'ਤੇ ਰੇਤਾ ਮੁਹੱਈਆ ਕਰਵਾਉਣ ਲਈ ਸਰਕਾਰ ਨੂੰ ਇੱਕ ਮਹੀਨੇ ਦਾ ਅਲਟੀਮੇਟਮ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਇਕ ਮਹੀਨੇ ਦੇ ਵਿਚ-ਵਿਚ ਇਸ ਦਾ ਹੱਲ ਕਰਨ ਵਿਚ ਨਾਕਾਮ ਸਿੱਧ ਹੋਈ ਤਾਂ ਉਹ ਇਸ ਪਾਰਟੀ ਦੇ ਵਿਧਾਇਕਾਂ ਦਾ ਘਿਰਾਓ ਕਰਨਗੇ ।


ਉਨ੍ਹਾਂ ਆਖਿਆ ਕਿ ਰੇਤਾ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋਣ ਦੇ ਕਾਰਨ ਇੱਕ ਗਰੀਬ ਦਾ ਘਰ ਬਣਾਉਣ ਦਾ ਸੁਪਨਾ ਹਕੀਕਤ ਤੋਂ ਕੋਹਾਂ ਦੂਰ ਹੋ ਗਿਆ ਹੈ। ਰੇਤਾ ਨਾ ਮਿਲਣ ਕਾਰਨ ਬਾਰਡਰ ਏਰੀਏ ਦੇ ਕਈ ਪ੍ਰੋਜੈਕਟ ਅਤੇ ਨੈਸ਼ਨਲ ਹਾਈਵੇ ਦੇ ਕੰਮਾਂ ਵਿੱਚ ਵਿਘਨ ਪੈ ਰਿਹਾ ਹੈ। ਕਿਰਤ ਅਤੇ ਉਸਾਰੀ ਨਾਲ ਜੁੜੇ ਲੱਖਾਂ ਲੋਕ ਬੇਰੁਜ਼ਗਾਰ ਹੋ ਗਏ ਹਨ। ਰੇਤਾ ਨਾ ਮਿਲਣ ਕਾਰਨ ਲਗਭਗ 31 ਹੋਰ ਸਬੰਧਤ ਸੈਕਟਰਾਂ ਨੂੰ ਵੀ ਮੰਦੀ ਦੇ ਦੌਰ ਵਿਚੋਂ ਲੰਘਣਾ ਪੈ ਰਿਹਾ ਹੈ। ਉਸਾਰੀ ਦੇ ਕੰਮ ਬੰਦ ਹੋਣ ਕਾਰਨ ਇਕ ਮਜ਼ਦੂਰ ਲਈ ਦੋ ਵਕਤ ਦੀ ਰੋਟੀ ਦਾ ਪ੍ਰਬੰਧ ਕਰਨਾ ਮੁਹਾਲ ਹੋਇਆ ਪਿਆ ਹੈ ਅਜਿਹੀ ਸਥਿਤੀ ਵਿੱਚ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਦਾਅਵੇ ਖੋਖਲੇ ਸਾਬਤ ਹੁੰਦੇ ਦਿਖਾਈ ਦੇ ਰਹੇ ਹਨ।


ਇਹ ਵੀ ਪੜ੍ਹੋ: ਸੂਬੇ ਦੇ ਵਿਕਾਸ ਲਈ ਸਨਅਤਾਂ ਜ਼ਰੂਰੀ ਪਰ ਵਾਤਾਵਰਣ ਨਾਲ ਖਿਲਵਾੜ ਨਹੀਂ ਹੋਣ ਦਿਆਂਗੇ : ਮੀਤ ਹੇਅਰ


ਔਜਲਾ ਨੇ ਕਿਹਾ ਕਿ ਕਾਂਗਰਸ ਦੇ ਰਾਜ ਵਿਚ ਇਹੀ ਰੇਤਾ 1500- 2000 ਵਿੱਚ ਆਸਾਨੀ ਨਾਲ ਮਿਲ ਜਾਂਦੀ ਸੀ ਪਰ ਅੱਜ ਰੇਤਾ 7600 ਨੂੰ ਪਾਰ ਕਰ ਗਈ ਹੈ ਅਤੇ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਚੁੱਕੀ ਹੈ। ਉਨ੍ਹਾਂ ਆਖਿਆ ਕਿ ਪੰਜਾਬ ਦੇ ਸਾਧਨਾਂ ਦੀ ਸ਼ਰੇਆਮ ਲੁੱਟ ਕਰਕੇ ਦੂਜੇ ਰਾਜਾਂ ਵਿਚ ਇਸ ਪੈਸੇ ਦੀ ਵਰਤੋਂ ਚੋਣਾਂ ਜਿੱਤਣ ਲਈ ਕੀਤੀ ਜਾ ਰਹੀ ਹੈ ਜੋ ਕਿ ਪੰਜਾਬ ਨਾਲ ਸਰਾਸਰ ਬੇਇਨਸਾਫ਼ੀ ਹੈ। ਦਿੱਲੀ ਦੇ ਮੁੱਖ ਮੰਤਰੀ ਆਪਣੇ ਨਿੱਜੀ ਤੇ ਸਵਾਰਥੀ ਹਿੱਤਾਂ ਦੀ ਪੂਰਤੀ ਲਈ ਪੰਜਾਬ ਦਾ ਖ਼ਜ਼ਾਨਾ ਵਰਤ ਰਹੇ ਹਨ।


ਉਨ੍ਹਾਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਧਾਰਨ ਲੋਕਾਂ ਨਾਲ ਜੁੜੇ ਇਸ ਮੁੱਦੇ ਨੂੰ ਆਪਣੀ ਪਾਰਟੀ ਅਤੇ ਮੁੱਖ ਮੰਤਰੀ ਕੋਲ ਉਠਾਉਣ ਨਹੀਂ ਤਾਂ ਲੋਕਾਂ ਦੇ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ। ਔਜਲਾ ਨੇ ਇਸ ਦੇ ਨਾਲ ਹੀ ਬੰਦ ਹੋਈਆਂ ਰਜਿਸਟਰੀਆਂ ਦਾ ਮੁੱਦਾ ਵੀ ਉਠਾਇਆ ਅਤੇ ਐਨ..ਸੀ ਕਾਰਨ ਘਰਾਂ ਤੇ ਪਲਾਟਾਂ ਨੂੰ ਵੇਚਣ- ਖਰੀਦਣ ਵੇਚਣ ਆ ਰਹੀਆਂ ਦਿੱਕਤਾਂ ਬਾਰੇ ਵੀ ਸਰਕਾਰ 'ਤੇ ਸਵਾਲ ਚੁੱਕੇ। ਔਜਲਾ ਨੇ ਕਿਹਾ ਕਿ ਜਿੰਨਾਂ ਵਾਅਦਿਆਂ ਕਰਕੇ ਆਮ ਆਦਮੀ ਪਾਰਟੀ ਸੱਤਾ ਵਿਚ ਆਈ ਸੀ ਉਨ੍ਹਾਂ ਵਾਅਦਿਆਂ ਨੂੰ ਪੂਰਾ ਕਰਵਾਉਣ ਲਈ ਆਮ ਪਾਰਟੀ ਦੇ ਜਿੱਤੇ ਵਿਧਾਇਕ ਲੋਕ ਹਿੱਤਾਂ ਦੀ ਖਾਤਰ ਆਪਣੀ ਸਰਕਾਰ 'ਤੇ ਦਬਾਅ ਪਾਉਣ ਅਤੇ ਇਹ ਮਸਲੇ ਹੱਲ ਕਰਵਾਉਣ ਲਈ ਮੋਹਰੀ ਭੂਮਿਕਾ ਨਿਭਾਉਣ ਨਾ ਕਿ ਮੂਕ ਦਰਸ਼ਕ ਬਣੇ ਰਹਿਣ।