ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਸਾਬਕਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੂੰ ਜਿਸ ਸਟਿੰਗ ਨੇ ਅਹੁਦੇ ਤੋਂ ਵੱਖ ਕਰਵਾਇਆ ਹੈ, ਉਹ ਮਾਨਸਾ ਦੇ ਰਹਿਣ ਵਾਲੇ ਵਕੀਲ ਗੁਰਲਾਭ ਸਿੰਘ ਮਾਹਲ ਵੱਲੋਂ ਕਥਿਤ ਤੌਰ ਉੱਤੇ ਕੀਤਾ ਗਿਆ ਸੀ। ਅੰਗਰੇਜ਼ੀ ਅਖ਼ਬਾਰ 'ਹਿੰਦੁਸਤਾਨ ਟਾਈਮਜ਼' ਅਨੁਸਾਰ ਗੁਰਲਾਭ ਸਿੰਘ ਮਾਹਲ ਆਮ ਆਦਮੀ ਪਾਰਟੀ ਨੂੰ ਮਾਨਸਾ ਵਿੱਚ ਸਥਾਪਤ ਕਰਨ ਵਾਲੇ ਪ੍ਰਮੁੱਖ ਵਲੰਟੀਅਰਾਂ ਵਿੱਚੋਂ ਇੱਕ ਹੈ। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਗੁਰਲਾਭ ਸਿੰਘ ਮਾਹਲ ਦਾ ਪਿਛੋਕੜ ਕਾਂਗਰਸ ਪਾਰਟੀ ਨਾਲ ਜੁੜਿਆ ਰਿਹਾ ਹੈ। ਕਾਂਗਰਸ ਦੇ ਸਰਦੂਲਗੜ੍ਹ ਤੋਂ ਵਿਧਾਇਕ ਅਜੀਤ ਇੰਦਰ ਮੋਫਰ ਦਾ ਕਰੀਬੀ ਰਿਹਾ ਹੈ। ਲੋਕ ਸਭਾ ਚੋਣਾਂ ਦੌਰਾਨ ਉਹ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਵਿੱਚ ਸ਼ਾਮਲ ਹੋ ਗਿਆ ਸੀ।
ਮਾਹਲ ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਪ੍ਰੋਫੈਸਰ ਬਲਜਿੰਦਰ ਕੌਰ, ਸਾਹਨੇਵਾਲ ਤੋਂ ਉਮੀਦਵਾਰ ਹਰਜੋਤ ਸਿੰਘ ਬੈਂਸ ਤੇ ਮੁਹਾਲੀ ਤੋਂ ਉਮੀਦਵਾਰ ਹਿੰਮਤ ਸਿੰਘ ਸ਼ੇਰਗਿੱਲ ਦਾ ਨਜ਼ਦੀਕੀ ਹੈ। ਹਿੰਮਤ ਸਿੰਘ ਸ਼ੇਰਗਿੱਲ ਨੇ ਹੀ ਉਸ ਨੂੰ 'ਆਪ' ਦੇ ਲੀਗਲ ਸੈੱਲ ਟੀਮ ਦਾ ਬਠਿੰਡਾ ਜ਼ੋਨ ਦਾ ਇੰਚਾਰਜ ਨਿਯੁਕਤ ਕੀਤਾ ਹੋਇਆ ਹੈ। 'ਆਪ' ਦੀ ਤਲਵੰਡੀ ਸਾਬੋ ਵਿਖੇ ਵਿਸਾਖੀ ਰੈਲੀ ਤੱਕ ਗੁਰਲਾਭ ਸਿੰਘ ਮਾਹਲ ਮਾਨਸਾ ਵਿੱਚ ਪਾਰਟੀ ਦੀਆਂ ਸਾਰੀਆਂ ਗਤੀਵਿਧੀਆਂ ਵਿੱਚ ਪੂਰੀ ਤਰ੍ਹਾਂ ਸਰਗਰਮ ਰਿਹਾ। 2016 ਵਿੱਚ ਹੋਈ ਵਿਸਾਖੀ ਕਾਨਫ਼ਰੰਸ ਤੋਂ ਇੱਕ ਦਿਨ ਪਹਿਲਾਂ ਗੁਰਲਾਭ ਦੀ ਦਿੱਲੀ ਦੇ ਅਬਜ਼ਰਵਰ ਵਿਨੋਦ ਵਾਤਸ ਨਾਲ ਲੜਾਈ ਹੋਈ ਜਿਸ ਤੋਂ ਬਾਅਦ ਦੁਰਗੇਸ਼ ਪਾਠਕ ਨੇ ਉਸ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ।
ਇਸ ਤੋਂ ਬਾਅਦ ਗੁਰਲਾਭ ਮਾਹਲ ਨੇ ਦੁਰਗੇਸ਼ ਪਾਠਕ ਤੇ ਬਠਿੰਡਾ ਦੇ ਅਬਜ਼ਰਵਰ ਰੋਮੀ ਭਾਟੀ ਨੂੰ ਟਿਕਟਾਂ ਬਦਲੇ ਸੌਦਾ ਕਰਨ ਦਾ ਸਟਿੰਗ ਜਨਤਕ ਕਰਨ ਦੀ ਧਮਕੀ ਦਿੱਤੀ। ਇਸ ਪੂਰੇ ਮਾਮਲੇ ਉੱਤੇ ਪਾਰਟੀ ਪੂਰੀ ਤਰ੍ਹਾਂ ਚੁੱਪ ਰਹੀ। ਇਸ ਤੋਂ ਦੋ ਮਹੀਨੇ ਬਾਅਦ ਗੁਰਲਾਭ ਸਿੰਘ ਮਾਹਲ ਨੂੰ ਪੰਜਾਬ ਲੀਗਲ ਸੈੱਲ ਟੀਮ ਦਾ ਸੈਕਟਰੀ ਨਿਯੁਕਤ ਕਰ ਦਿੱਤਾ ਗਿਆ। ਪਾਰਟੀ ਵਿੱਚ ਬਹਾਲੀ ਹੋਣ ਤੋਂ ਬਾਅਦ ਗੁਰਲਾਭ ਸਿੰਘ ਮਾਹਲ ਦੁਰਗੇਸ਼ ਪਾਠਕ ਤੇ ਹਿੰਮਤ ਸਿੰਘ ਸ਼ੇਰਗਿੱਲ ਦਾ ਨਜ਼ਦੀਕੀ ਹੋ ਗਿਆ।
ਇਸ ਪੂਰੇ ਮਾਮਲੇ ਉੱਤੇ ਗੁਰਲਾਭ ਸਿੰਘ ਮਾਹਲ ਫ਼ਿਲਹਾਲ ਪੂਰੀ ਤਰ੍ਹਾਂ ਚੁੱਪ ਹੈ ਤੇ ਉਸ ਨੇ ਦੋ ਦਿਨ ਬਾਅਦ ਸੱਚ ਤੋਂ ਪਰਦਾ ਚੁੱਕਣ ਦੀ ਗੱਲ ਆਖੀ ਹੈ। ਛੋਟੇਪੁਰ ਦਾ ਸਟਿੰਗ ਵਿਵਾਦ ਸਾਹਮਣੇ ਆਉਣ ਤੋਂ ਬਾਅਦ 'ਆਪ' ਦੀ ਮਾਨਸਾ ਇਕਾਈ ਪੂਰੀ ਤਰ੍ਹਾਂ ਚੁੱਪ ਹੈ। ਗੁਰਲਾਭ ਸਿੰਘ ਮਾਹਲ ਨੇ ਹੀ 'ਆਪ' ਯੂਥ ਮਾਨਸ ਟੀਮ ਦੇ ਆਗੂ ਭੁਪਿੰਦਰ ਸਿੰਘ ਉੱਤੇ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਕੇਸ ਵੀ ਕੀਤਾ ਹੋਇਆ ਹੈ। ਡੇਰੇ ਵੱਲੋਂ ਕੇਸ ਦੀ ਪੈਰਵੀ ਗੁਰਲਾਭ ਸਿੰਘ ਮਾਹਲ ਵੱਲੋਂ ਹੀ ਕੀਤੀ ਜਾ ਰਹੀ ਹੈ। ਭੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਗੁਰਲਾਭ ਸਿੰਘ ਮਾਹਲ ਕੋਲ ਆਪ ਦੇ ਬਹੁਤ ਸਾਰੇ ਆਗੂਆਂ ਤੇ ਵਲੰਟੀਅਰਾਂ ਦੇ ਸਟਿੰਗ ਹੋ ਸਕਦੇ ਹਨ।