ਕੋਰਟ ਦੇ ਫ਼ੈਸਲੇ ਨੂੰ ਚੁਣੌਤੀ ਦੇਵੇਗਾ ਡੇਰਾ
ਏਬੀਪੀ ਸਾਂਝਾ | 26 Aug 2017 10:18 AM (IST)
ਚੰਡੀਗੜ੍ਹ : ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਦੇ ਕਾਨੂੰਨੀ ਸਲਾਹਕਾਰ ਅਤੇ ਸੀਨੀਅਰ ਵਕੀਲ ਰਾਜੇਂਦਰ ਸਿੰਘ ਨੇ ਕਿਹਾ ਹੈ ਕਿ ਉਹ ਕੋਰਟ ਦੇ ਫ਼ੈਸਲੇ ਤੋਂ ਸੰਤੁਸ਼ਟ ਨਹੀਂ ਹਨ। ਫ਼ੈਸਲੇ ਨੂੰ ਉੱਪਰੀ ਅਦਾਲਤ ਵਿਚ ਚੁਣੌਤੀ ਦਿੱਤੀ ਜਾਵੇਗੀ। ਉਨ੍ਹਾਂ ਨੇ ਪੂਰੇ ਮਾਮਲੇ ਨੂੰ ਡੇਰਾ ਮੁਖੀ ਦੇ ਖ਼ਿਲਾਫ਼ ਸਿਆਸੀ ਸਾਜ਼ਿਸ਼ ਦੱਸਿਆ। ਸਾਧਵੀ ਜਿਨਸੀ ਸ਼ੋਸ਼ਣ ਮਾਮਲਾ ਦੇਖ ਰਹੇ ਵਕੀਲਾਂ 'ਚ ਉੱਤਰ ਪ੍ਰਦੇਸ਼ ਦੇ ਬਿਜਨੌਰ ਵਾਸੀ ਰਾਜੇਂਦਰ ਸਿੰਘ ਵੀ ਮੁੱਖ ਭੂਮਿਕਾ 'ਚ ਹਨ। ਸ਼ੁੱਕਰਵਾਰ ਨੂੰ ਉਹ ਸੁਣਵਾਈ ਦੌਰਾਨ ਗੁਰਮੀਤ ਰਾਮ ਰਹੀਮ ਦੇ ਨਾਲ ਪੰਚਕੂਲਾ ਸਥਿਤ ਸੀਬੀਆਈ ਅਦਾਲਤ 'ਚ ਰਹੇ। ਸੂਤਰਾਂ ਮੁਤਾਬਿਕ ਰਾਜੇਂਦਰ ਸਿੰਘ ਨੇ ਕਿਹਾ ਕਿ ਕੁਝ ਲੋਕ ਡੇਰਾ ਮੁਖੀ ਦੀ ਲੋਕਪਿ੍ਰਅਤਾ ਤੋਂ ਬੌਖਲਾਏ ਹੋਏ ਹਨ। ਉਨ੍ਹਾਂ ਨੂੰ ਸਿਆਸੀ ਸਾਜ਼ਿਸ਼ ਤਹਿਤ ਫਸਾਇਆ ਗਿਆ ਹੈ।