ਬਰਨਾਲਾ : ਬਰਨਾਲਾ : ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਅੱਜ ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਦੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਬਰਨਾਲਾ ਵਿਖੇ ਆਪ ਸਮਰੱਥਕਾਂ ਵਿੱਚ ਖੁਸ਼ੀ ਅਤੇ ਜਸ਼ਨਾਂ ਦਾ ਮਾਹੌਲ ਹੈ। ਮੀਤ ਹੇਅਰ ਦੀ ਬਰਨਾਲਾ ਰਿਹਾਇਸ਼ 'ਤੇ ਵੱਡੀ ਗਿਣਤੀ ਵਿੱਚ ਆਪ ਵਰਕਰ ਇਕੱਠੇ ਹੋਏ ਹਨ ਅਤੇ ਸਹੁੰ ਚੁੱਕ ਸਮਾਗਮ ਦਾ ਲਾਈਵ ਟੈਲੀਕਾਸਟ ਦੇਖਣ ਲਈ ਵੱਡੀ ਐਲਈਡੀ ਲਗਾਈ ਗਈ ਹੈ।
ਮੀਤ ਹੇਅਰ ਦਾ ਸਾਰਾ ਪਰਿਵਾਰ ਚੰਡੀਗੜ੍ਹ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਿਲ ਹੋਣ ਗਿਆ ਹੈ। ਆਪ ਵਰਕਰਾਂ ਨੇ ਕਿਹਾ ਕਿ ਲੰਮੇ ਸਮੇਂ ਬਾਅਦ ਬਰਨਾਲਾ ਵਿੱਚ ਵਜ਼ਾਰਤ ਆਈ ਹੈ, ਜਿਸਦੀ ਉਹਨਾਂ ਨੂੰ ਬੇਹੱਦ ਖੁਸ਼ੀ ਹੈ। ਉਹਨਾਂ ਕਿਹਾ ਕਿ ਮੀਤ ਹੇਅਰ ਅਤੇ ਸਮੁੱਚੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੋਕਾਂ ਨੂੰ ਵੱਡੀਆਂ ਉਮੀਦਾਂ ਹਨ ਅਤੇ ਲੋਕਾਂ ਦੇ ਸਾਰੇ ਮਸਲਿਆਂ ਦਾ ਹੱਲ ਹੋਵੇਗਾ।
ਦੱਸਣਯੋਗ ਹੈ ਕਿ ਪੰਜਾਬ 'ਚ ਅੱਜ ਭਗਵੰਤ ਮਾਨ ਦੀ ਕੈਬਨਿਟ ਨੇ ਸਹੁੰ ਚੁੱਕ ਲਈ ਹੈ। ਮਾਨ ਦੀ ਕੈਬਨਿਟ ਵਿੱਚ ਕੁੱਲ 10 ਮੰਤਰੀ ਸ਼ਾਮਲ ਹੋਏ ਹਨ। ਚੰਡੀਗੜ੍ਹ ਵਿੱਚ ਹੋਏ ਇਸ ਪ੍ਰੋਗਰਾਮ ਵਿੱਚ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸਾਰੇ ਆਗੂਆਂ ਨੂੰ ਅਹੁਦੇ ਦੀ ਸਹੁੰ ਚੁਕਾਈ ਹੈ। ਸਹੁੰ ਚੁੱਕਣ ਤੋਂ ਬਾਅਦ ਸਾਰੇ ਮੰਤਰੀਆਂ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ ਹੈ। ਵੱਡੀ ਖ਼ਬਰ ਇਹ ਹੈ ਕਿ ਦੁਪਹਿਰ 2 ਵਜੇ ਪੰਜਾਬ ਕੈਬਨਿਟ ਦੀ ਪਹਿਲੀ ਬੈਠਕ ਹੋਵੇਗੀ, ਜਿਸ 'ਚ ਸਰਕਾਰ ਕੋਈ ਵੱਡਾ ਫੈਸਲਾ ਲੈ ਸਕਦੀ ਹੈ।
ਪੰਜਾਬ ਦੀ ਨਵੀਂ ਸਰਕਾਰ ਵਿੱਚ ਜਿਹੜੇ ਕੈਬਨਿਟ ਮੰਤਰੀ ਬਣੇ ਹਨ , ਉਨ੍ਹਾਂ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਪਾਲ ਸਿੰਘ ਚੀਮਾ ਪ੍ਰਮੁੱਖ ਹਨ। ਇਸ ਤੋਂ ਇਲਾਵਾ ਡਾ: ਬਲਜੀਤ ਕੌਰ, ਹਰਭਜਨ ਸਿੰਘ ਈਟੀਓ, ਡਾ. ਵਿਜੇ ਸਿੰਗਲਾ, ਗੁਰਮੀਤ ਸਿੰਘ ਮੀਤ ਹੇਅਰ, ਹਰਜੋਤ ਸਿੰਘ ਬੈਂਸ, ਲਾਲ ਚੰਦ ਕਟਾਰੂਚੱਕ, ਕੁਲਦੀਪ ਸਿੰਘ ਧਾਲੀਵਾਲ, ਲਾਲਜੀਤ ਸਿੰਘ ਭੁੱਲਰ, ਬ੍ਰਹਮ ਸ਼ੰਕਰ (ਜ਼ਿੰਪਾ) ਵੀ ਮੰਤਰੀ ਵਜੋਂ ਸਹੁੰ ਚੁੱਕੀ ਹੈ।