ਗੁਰਦਾਸਪੁਰ: ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਅੱਜ ਗੁਰਦਾਸਪੁਰ ਦੇ ਇਤਿਹਾਸਕ ਕਸਬਾ ਡੇਰਾ ਬਾਬਾ ਨਾਨਕ ਤੋਂ ਹਜ਼ਾਰਾਂ ਕਿਸਾਨਾਂ ਤੇ ਸੈਂਕੜੇ ਗੱਡੀਆਂ ਦਾ ਕਾਫ਼ਲਾ ਲੈ ਕੇ ਕੁੰਡਲੀ ਬਾਰਡਰ ਵੱਲ਼ ਚੜ੍ਹਾਈ ਕੀਤੀ ਹੈ। ਇਹ ਕਾਫ਼ਲਾ ਡੇਰਾ ਬਾਬਾ ਨਾਨਕ ਦੇ ਗੁਰੂ ਦਰਬਾਰ ਸਾਹਿਬ ਤੋਂ ਰਵਾਨਾ ਹੋਇਆ। ਗੁਰਦੁਆਰਾ ਸਾਹਿਬ ਵਿੱਚ ਗੁਰਨਾਮ ਸਿੰਘ ਚੜੂਨੀ ਨੇ ਮੱਥਾ ਟੇਕਿਆ। ਇਸ ਮੌਕਾ ਜ਼ਿਲ੍ਹਾ ਗੁਰਦਾਸਪੁਰ ਦੇ ਨੌਜਵਾਨਾਂ ਤੇ ਕਿਸਾਨਾਂ ਵੱਲੋਂ ਆਪਣੇ ਵਾਹਨ ਲੈ ਕੇ ਚੜੂਨੀ ਦੀ ਅਗਵਾਈ ਹੇਠ ਦਿੱਲੀ ਵੱਲ ਚਾਲੇ ਪਾਏ। ਉਸ ਤੋਂ ਬਾਅਦ ਇਹ ਕਾਫ਼ਲਾ ਗੁਰਦਾਸਪੁਰ ਵਿੱਚ ਬਣ ਰਹੇ ਕਾਰਪੋਰੇਟ ਦੇ ਸੇਲੋ ਪਲਾਂਟ ਪਹੁੰਚਿਆ।

ਕਿਸਾਨ ਨੇਤਾ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਵੱਖੋ-ਵੱਖ ਥਾਂਵਾਂ ਤੋਂ ਕਾਫ਼ਲੇ ਲਿਜਾਣ ਦਾ ਮਕਸਦ ਇਹ ਹੈ ਕਿ ਕੇਂਦਰ ਦੀ ਸਰਕਾਰ ਨੂੰ ਇਹ ਦੱਸਿਆ ਜਾਵੇ ਕਿ ਕਿਸਾਨੀ ਅੰਦੋਲਨ ਵਿੱਚ ਕੋਈ ਕਮੀ ਨਹੀਂ ਆਈ ਤੇ ਨਾ ਵੀ ਕਿਸਾਨਾਂ ਦਾ ਜੋਸ਼ ਘਟਿਆ ਹੈ। ਪੰਜਾਬ ਦੇ ਸਾਬਕਾ ਮੰਤਰੀ ਅਨਿਲ ਜੋਸ਼ੀ ਨੂੰ 6 ਸਾਲ ਲਈ ਭਾਜਪਾ ਵਿੱਚੋਂ ਕੱਢਣ ਬਾਰੇ ਚੜੂਨੀ ਨੇ ਕਿਹਾ ਕਿ ਅਸੀਂ ਧੰਨਵਾਦ ਕਰਦੇ ਹਾਂ, ਕਿ ਕਿਸੇ ਭਾਜਪਾ ਦੇ ਲੀਡਰ ਦੀ ਆਤਮਾ ਜਾਗੀ ਹੈ, ਵੈਸੇ ਤਾਂ ਭਾਜਪਾ ਵਾਲਿਆਂ ਦੀ ਆਤਮਾ ਮਰੀ ਹੋਈ ਹੈ।

ਪੰਜਾਬ ਅੰਦਰ 2022 ਦੀਆਂ ਚੋਣਾਂ ਬਾਰੇ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਨਾ ਤੇ ਮੈਂ ਪਾਰਟੀ ਬਣਾ ਰਿਹਾਂ ਹਾਂ ਤੇ ਨਾ ਮੈਂ ਚੋਣਾਂ ਲੜ ਰਿਹਾ ਹਾਂ। ਇਹ ਮੇਰਾ ਵੀਚਾਰ ਹੈ ਨਾ ਕਿ ਫੈਸਲਾ। ਮੈਂ ਇਹ ਕਿਹਾ ਸੀ ਕਿ ਸਾਡੇ ਕੋਲ ਕੋਈ ਹੋਰ ਚਾਰਾ ਨਹੀਂ। ਜਨਤਾ ਪਿੱਸ ਰਹੀ ਹੈ। ਜਨਤਾ ਦਾ ਸ਼ੋਸ਼ਣ ਹੋ ਰਿਹਾ ਹੈ। ਕਾਰਪੋਰੇਟ ਰਾਜ ਕਰ ਰਿਹਾ ਹੈ, ਜਦੋਂ ਕਾਰਪੋਰੇਟ ਰਾਜ ਕਰ ਰਿਹਾ ਹੈ ਤਾਂ ਕਾਨੂੰਨ ਹੀ ਕਾਰਪੋਰੇਟ ਦੇ ਹੱਕ ਦੇ ਬਣ ਰਹੇ ਹਨ।

ਉਨ੍ਹਾਂ ਕਿਹਾ ਕਿ ਜੇ ਅਸੀਂ ਇਸ ਖੇਤੀ ਕਾਨੂੰਨਾਂ ਦੀ ਗੱਲ ਕਰੀਏ ਤਾਂ ਇਸ ਨਾਲ ਵੀ ਦੇਸ਼ ਦਾ 15 ਲੱਖ ਕਰੋੜ ਦਾ ਬਿਜਨੈੱਸ ਕਾਰਪੋਰੇਟ ਨੂੰ ਦੇਣ ਵਾਸਤੇ ਬਣਾਏ ਗਏ ਹਨ। ਪੰਜਾਬ ਦੇ ਲੋਕਾਂ ਨੂੰ ਮਿਲ ਕੇ ਸੋਚਣਾ ਚਾਹੀਦਾ ਹੈ ਕਿ ਸਾਡੇ ਕੋਲ ਕੋਈ ਹੋਰ ਬਦਲ ਨਹੀਂ। 65 ਫੀਸਦੀ ਵੋਟ ਕਿਸਾਨਾਂ ਤੇ ਮਜਦੂਰਾਂ ਦੀ ਹੈ। ਸ਼ਹਿਰ ਦੇ ਲੋਕ ਵੀ ਕਹਿ ਰਹੇ ਹਨ ਕਿ ਅਸੀਂ ਦੁਖੀ ਹਾਂ। ਸਾਰਿਆ ਨੂੰ ਇਕੱਠਾ ਹੋ ਕੇ ਇਨ੍ਹਾਂ ਹਲਾਤਾਂ ਨੂੰ ਬਦਲਣਾ ਚਾਹੀਦਾ ਹੈ।