ਚੰਡੀਗੜ੍ਹ: ਪਿਛਲੇ ਚਾਰ ਮਹੀਨੇ ਤੋਂ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੇ ਕਿਸਾਨ ਲੀਡਰ ਗੁਰਨਾਮ ਸਿੰਘ ਚਡੂਨੀ ਪਾਨੀਪਤ ਟੋਲ ਪਲਾਜ਼ਾ 'ਤੇ ਪਹੁੰਚੇ ਜਿੱਥੇ ਉਨ੍ਹਾਂ ਇਸ ਮਲੋਟ 'ਚ ਬੀਜੇਪੀ ਵਿਧਾਇਕ ਦੇ ਕੱਪੜੇ ਪਾੜੇ ਜਾਣ ਤੇ ਵਿਰੋਧ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੱਤੀ।


ਉਨ੍ਹਾਂ ਕਿਹਾ ਕਿ ਵਾਰ-ਵਾਰ ਅਪੀਲ ਕਰਨ ਦੇ ਬਾਵਜੂਦ ਬੀਜੇਪੀ ਤੇ ਜੇਜੇਪੀ ਦੇ ਲੀਡਰ ਤੇ ਵਿਧਾਇਕ, ਮੰਤਰੀ ਪ੍ਰੋਗਰਾਮ ਕਰਨ ਤੋਂ ਬਾਜ ਨਹੀਂ ਆ ਰਹੇ। ਇਨ੍ਹਾਂ ਲੀਡਰਾਂ ਪ੍ਰਤੀ ਆਮ ਜਨਤਾ ਤੇ ਕਿਸਾਨਾਂ 'ਚ ਭਾਰੀ ਰੋਸ ਹੈ ਜਿਸ ਦੇ ਚੱਲਦਿਆਂ ਉਨ੍ਹਾਂ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


ਹਾਲਾਂਕਿ ਗੁਰਨਾਮ ਸਿੰਘ ਨੇ ਬੀਜੇਪੀ ਲੀਡਰਾਂ ਦੇ ਕੱਪੜੇ ਪਾੜੇ ਜਾਣ ਤੇ ਕੁੱਟਮਾਰ ਕਰਨ ਨੂੰ ਗਲਤ ਦੱਸਿਆ। ਗੁਰਨਾਮ ਸਿੰਘ ਨੇ ਬੀਜੇਪੀ ਸਮੇਤ ਜੇਜੇਪੀ ਤੇ ਕੇਂਦਰ 'ਚ ਬੈਠੇ ਬੀਜੇਪੀ ਦੇ ਲੀਡਰਾਂ ਨੂੰ ਪਾਰਟੀ ਛੱਡ ਕੇ ਆਪਣੇ ਨਾਲ ਆਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਦੋ-ਚਾਰ ਸਾਲ ਸੱਤਾ ਦਾ ਸੁੱਖ ਭੋਗ ਵੀ ਲੈਣਗੇ ਤਾਂ ਕੀ ਹੋ ਜਾਵੇਗਾ। ਲੋਕਾਂ ਦੀਆਂ ਨਜ਼ਰਾਂ 'ਚ ਤਾਂ ਉਹ ਡਿੱਗਦੇ ਹੀ ਜਾ ਰਹੇ ਹਨ।


ਇਸ ਤੋਂ ਇਲਾਵਾ ਗੁਰਨਾਮ ਸਿੰਘ ਨੇ ਦੇਸ਼ 'ਚ ਹੋ ਰਹੀਆਂ ਪੰਜ ਸੂਬਿਆਂ ਦੀਆਂ ਚੋਣਾਂ 'ਚ ਬੀਜੇਪੀ ਦਾ ਸਾਰੀਆਂ ਥਾਵਾਂ ਤੋਂ ਸਫਾਇਆ ਹੋਣ ਦੀ ਗੱਲ ਆਖੀ। ਪਾਨੀਪਤ ''ਚ ਬੀਜੇਪੀ ਲੀਡਰ ਵੱਲੋਂ ਕਿਸਾਨਾਂ ਦੇ ਸਮਰਥਨ 'ਚ ਬੀਜੇਪੀ ਛੱਡਣ ਤੇ ਪ੍ਰਤੀਕਿਰਿਆ ਦਿੰਦਿਆਂ ਗੁਰਨਾਮ ਸਿੰਘ ਬੋਲੇ ਕਿ ਅਸੀਂ ਇਨ੍ਹਾਂ ਦਾ ਧੰਨਵਾਦ ਕਰਦੇ ਹਾਂ ਤੇ ਕਿਸਾਨ ਯੂਨੀਅਨ 'ਚ ਸੁਆਗਤ ਕਰਦਾ ਹਾਂ।


ਗੁਰਨਾਮ ਸਿੰਘ ਨੇ ਹੋਰ ਲੀਡਰਾਂ ਨੂੰ ਵੀ ਨਾਲ ਆਉਣ ਦੀ ਗੱਲ ਕਰਦਿਆਂ ਕਿਹਾ ਕਿ ਸਾਡੇ ਲਈ ਪਹਿਲਾਂ ਪਾਰਟੀ ਨਹੀਂ ਦੇਸ਼ ਪਹਿਲਾਂ ਹੋਣਾ ਚਾਹੀਦਾ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਤਾਂ ਦੇਸ਼ ਨੂੰ ਕੰਪਨੀਆਂ ਦੇ ਹੱਥਾਂ ਚ ਵੇਚਣ ਦਾ ਕੰਮ ਕਰ ਰਹੇ ਹਨ ਜਿਸ ਤੋਂ ਬਾਅਦ ਹਰ ਚੀਜ਼ ਪ੍ਰਾਈਵੇਟ ਹੋ ਜਾਵੇਗੀ ਤੇ ਫਿਰ ਇਹ ਦੇਸ਼ ਹਿੰਦੋਸਤਾਨ ਨਹੀਂ ਅਡਾਨੀ ਸਟੇਟ ਬਣ ਕੇ ਰਹਿ ਜਾਵੇਗਾ।