ਚੰਡੀਗੜ੍ਹ: ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਜੇਕਰ ਸੰਯੁਕਤ ਕਿਸਾਨ ਮੋਰਚਾ ਉਨ੍ਹਾਂ ਨੂੰ ਡਿਸਮਿਸ ਵੀ ਕਰ ਦੇਵੇਗਾ ਤਾਂ ਵੀ ਉਹ ਮਿਸ਼ਨ ਪੰਜਾਬ ‘ਤੇ ਕੰਮ ਕਰਨਗੇ। ਇਸ ਦੇ ਨਾਲ ਹੀ ਉਹ ਕਿਸਾਨ ਅੰਦੋਲਨ ਲਈ ਵੀ ਕੰਮ ਜਾਰੀ ਰੱਖਣਗੇ।


ਇੱਕ ਸਵਾਲ ਦੇ ਜਵਾਬ ‘ਚ ਚੜੂਨੀ ਨੇ ਕਿਹਾ ਕਿ ਕਿਸਾਨ ਅੰਦੋਲਨ ਦਾ ਯੂਪੀ ‘ਚ ਜ਼ਿਆਦਾ ਅਸਰ ਨਹੀਂ। ਪੰਜਾਬ ਦੇ ਲੋਕ ਤਿੰਨਾਂ ਪਾਰਟੀਆਂ ਤੋਂ ਤੰਗ ਹਨ ਤੇ ਨਵੀਂ ਪਾਰਟੀ ਬਣ ਸਕਦੀ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਨੇ ਸ਼ਾਮ ਨੂੰ ਬੁਲਾਇਆ ਹੈ, ਦੇਖਦੇ ਹਾਂ ਕੀ ਫੈਸਲਾ ਲੈਂਦੇ ਹਨ। ਚੜੂਨੀ ਨੇ ਦੋ-ਟੁੱਕ ਕਿਹਾ ਜਿੱਥੇ ਕੱਲ੍ਹ ਨੂੰ ਕੱਢਣਾ ਹੈ ਉੱਥੇ ਅੱਜ ਹੀ ਕੱਢ ਦਿਉ।


ਚੰਡੀਗੜ੍ਹ ‘ਚ ਧਾਰਾ 144 ਲਾਉਣ ਦੇ ਫੈਸਲੇ ਦਾ ਵਿਰੋਧ ਕਰਦਿਆਂ ਹੋਇਆਂ ਕਿਹਾ ਕਿ ਇਹ ਫੈਸਲਾ ਗਲਤ ਹੈ। ਅਸੀਂ ਕਿਸਾਨਾਂ ਦੇ ਨਾਲ ਹਾਂ। ਸ਼ਾਂਤੀਪੂਰਨ ਤਰੀਕ ਨਾਲ ਚੌਕਾਂ ਤੇ ਖੜ੍ਹਾ ਹੋਣ ਤੋਂ ਪ੍ਰਸ਼ਾਸਨ ਨਹੀਂ ਰੋਕ ਸਕਦਾ, ਜੇਕਰ ਰੋਕਿਆ ਤਾਂ ਅਸੀਂ ਇੱਥੇ ਆਕੇ ਵਿਰੋਧ ਕਰਾਂਗੇ।


ਸਿਆਸੀ ਬਿਆਨਬਾਜ਼ੀ ਕਰਨ ‘ਤੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੂੰ ਉਕਸਾਉਣ ਦੇ ਇਲਜ਼ਾਮ ‘ਤੇ 14 ਜੁਲਾਈ ਨੂੰ ਹਰਿਆਣਾ ਬੀਕੇਯੂ ਗੁਰਨਾਮ ਚੜੂਨੀ ਨੂੰ ਸੰਯੁਕਤ ਕਿਸਾਨ ਮੋਰਚਾ ਤੋਂ ਸੱਤ ਦਿਨ ਲਈ ਸਸਪੈਂਡ ਕਰ ਦਿੱਤਾ ਸੀ। ਫੈਸਲੇ ਦੇ ਮੁਤਾਬਕ ਚੜੂਨੀ ਇਕ ਹਫਤੇ ਤਕ ਹੁਣ ਕਿਸੇ ਮੰਚ ‘ਤੇ ਨਹੀਂ ਜਾ ਸਕਣਗੇ ਤੇ ਨਾ ਹੀ ਕਿਸੇ ਬੈਠਕ ‘ਚ ਹਿੱਸਾ ਲੈ ਪਾਉਣਗੇ।


ਉੱਥੇ ਹੀ ਚੜੂਨੀ ਨੇ ਇਸ ਫੈਸਲੇ ਨੂੰ ਗਲਤ ਦੱਸਿਆ ਸੀ। ਉਨ੍ਹਾਂ ਕਿਹਾ ਸੀ ਕਿ ਸੰਯੁਕਤ ਕਿਸਾਨ ਮੋਰਚਾ ਦਾ ਫੈਸਲਾ ਪੂਰੀ ਤਰ੍ਹਾਂ ਨਾਲ ਗਲਤ ਹੈ ਕਿਉਂਕਿ ਕਿਸੇ ਦੀ ਵਿਚਾਰਧਾਰਾ ਦੇ ਲਈ ਕੋਈ ਦਬਾਅ ਨਹੀਂ ਬਣਾ ਸਕਦਾ। ਉਨ੍ਹਾਂ ਕਿਹਾ ਮਿਸ਼ਨ ਯੂਪੀ ਕਰਨਾ ਹੈ ਤਾਂ ਮਿਸ਼ਨ ਪੰਜਾਬ ਵੀ ਕਰਨਾ ਹੋਵੇਗਾ। ਅੰਦੋਲਨ ਜਿੱਤਣ ਲਈ ਰਣਨੀਤੀ ਵੀ ਬਦਲਣੀ ਪਵੇਗੀ। ਮੈਂ ਪਹਿਲਾਂ ਵੀ ਮੰਚ ‘ਤੇ ਘੱਟ ਹੀ ਜਾਂਦਾ ਸੀ ਕਿਉਂਕਿ ਮੈਨੂੰ ਮੰਚ ਦਾ ਕੋਈ ਲਾਲਚ ਨਹੀਂ।