ਚੰਡੀਗੜ੍ਹ: ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਦੇ ਸੰਪਰਕ ਵਿੱਚ ਆਏ 10 ਲੋਕ ਕੋਰੋਨਾ ਪੌਜ਼ੇਟਿਵ ਆਏ ਹਨ। ਕਾਂਗੜ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਉਣ ਮਗਰੋਂ ਉਨ੍ਹਾਂ ਦੇ ਸੰਪਰਕ ਵਿੱਚ ਆਏ ਲੋਕਾਂ ਦੇ ਸੈਂਪਲ ਲਏ ਗਏ ਸੀ। ਉਨ੍ਹਾਂ ਵਿੱਚੋਂ ਮਾਨਸਾ ਦੇ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਤੇ ਐਸਪੀ (ਐਚ) ਸਤਨਾਮ ਸਿੰਘ ਸਣੇ 10 ਲੋਕ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ। ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਆਪਣੇ ਆਪ ਨੂੰ ਹੋਮ ਆਈਸੋਲੇਟ ਕਰ ਲਿਆ ਹੈ।


ਦੱਸ ਦਈਏ ਕਿ ਪੰਜਾਬ ਸਰਕਾਰ ਦੇ ਮਾਲ, ਮੁੜ ਵਸੇਬਾ ਤੇ ਆਫਤ ਪ੍ਰਬੰਧਨ ਮੰਤਰੀ ਗੁਰਪ੍ਰੀਤ ਕਾਂਗੜ ਵਿੱਚ ਕੋਰੋਨਾ ਲੱਛਣ ਹੋਣ ਦੇ ਬਾਵਜੂਦ ਉਹ ਕਈ ਸਮਾਗਮਾਂ ਵਿੱਚ ਗਏ ਸੀ। ਉਹ ਸ਼ਨੀਵਾਰ ਮਾਨਸਾ ਵਿੱਚ ਆਜ਼ਾਦੀ ਦਿਵਸ ਦੇ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਤਿਰੰਗਾ ਲਹਿਰਉਣ ਲਈ ਵੀ ਪਹੁੰਚੇ ਸੀ।

ਆਜਾਦੀ ਦਿਵਸ ਦੇ ਸਮਾਗਮ ਤੋਂ ਬਾਅਦ ਮੰਤਰੀ ਸਮਾਰਟ ਸਕੂਲ ਵਿੱਚ ਉਦਘਾਟਨ ਕਰਨ ਪਹੁੰਚੇ ਜਿੱਥੇ ਉਨ੍ਹਾਂ ਨੇ ਸਕੂਲੀ ਬੱਚਿਆਂ ਨੂੰ ਇਨਾਮ ਵੀ ਵੰਡੇ। ਉਸ ਤੋਂ ਬਾਅਦ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਦੇ ਘਰ ਵੀ ਪਹੁੰਚੇ ਤੇ ਗਾਗੋਵਾਲ ਦੇ ਘਰ ਦੁਪਹਿਰ ਦਾ ਖਾਣਾ ਖਾਧਾ।