ਸੁਮੇਧ ਸੈਣੀ ਨੇ ਆਪਣੀ ਅਪੀਲ ’ਚ ਕੇਸ ਸਬੰਧੀ ਜਾਂਚ ਪੰਜਾਬ ਤੋਂ ਬਾਹਰ ਕਿਸੇ ਵੀ ਹੋਰ ਆਜ਼ਾਦ ਏਜੰਸੀ ਹਵਾਲੇ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਹੋ ਸਕੇ ਤਾਂ ਇਹ ਜਾਂਚ ਕੇਂਦਰੀ ਜਾਂਚ ਬਿਊਰੋ ਹਵਾਲੇ ਕਰ ਦਿੱਤੀ ਜਾਵੇ। ਸੈਣੀ ਨੇ ਦਾਅਵਾ ਕੀਤਾ ਕਿ ਉਸ ਖ਼ਿਲਾਫ਼ ਦਰਜ ਕੇਸ ਸੁਪਰੀਮ ਕੋਰਟ ਵੱਲੋਂ 2 ਜੁਲਾਈ, 2008 ਵਾਲੀ ਐਫਆਈਆਰ ਖਾਰਜ ਕਰਨ ਸਮੇਂ 7 ਦਸੰਬਰ 2011 ਨੂੰ ਜਾਰੀ ਕੀਤੇ ਹੁਕਮਾਂ ਦੀ ਸਪੱਸ਼ਟ ਉਲੰਘਣਾ ਹੈ। ਸੈਣੀ ਦੇ ਦਾਅਵਾ ਕੀਤਾ ਕਿ ਉਸ ਸਿਆਸੀ ਦਖਲ ਤੇ ਬਦਲਾਖੋਰੀ ਦੀ ਭਾਵਨਾ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪਹਿਲੀ ਐਫਆਈਆਰ ਸੀਬੀਆਈ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ’ਤੇ ਦਰਜ ਕੀਤੀ ਗਈ ਸੀ।
ਉਧਰ, ਪੰਜਾਬ ਦੇ ਸਾਬਕਾ ਆਈਏਐਸ ਅਧਿਕਾਰੀ ਦੇ ਬੇਟੇ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰਨ ਮਗਰੋਂ ਭੇਤਭਰੀ ਹਾਲਤ ’ਚ ਲਾਪਤਾ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਡੀਜੀਪੀ ਸੁਮੇਧ ਸੈਣੀ ਤੇ ਹੋਰ ਸੇਵਾਮੁਕਤ ਅਫ਼ਸਰਾਂ ਖ਼ਿਲਾਫ਼ ਦਰਜ ਮਾਮਲੇ ਦੀ ਸੁਣਵਾਈ ਸੋਮਵਾਰ ਨੂੰ ਮੁਹਾਲੀ ਅਦਾਲਤ ’ਚ ਹੋਈ।
ਅਦਾਲਤ ਨੇ ਮਾਮਲੇ ’ਚ ਨਾਮਜ਼ਦ ਯੂਟੀ ਪੁਲਿਸ ਦੇ ਦੋ ਸੇਵਾਮੁਕਤ ਇੰਸਪੈਕਟਰਾਂ ਅਨੋਖ ਸਿੰਘ ਤੇ ਜਗੀਰ ਸਿੰਘ ਦੀ ਪੱਕੀ ਜ਼ਮਾਨਤ ਮਨਜ਼ੂਰ ਕਰ ਲਈ ਹੈ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਜ਼ਮਾਨਤਾਂ ਰੱਦ ਕਰਵਾਉਣ ਲਈ ਦਾਇਰ ਕੀਤੀਆਂ ਦੋਵੇਂ ਅਰਜ਼ੀਆਂ ਵਾਪਸ ਲਈਆਂ ਗਈਆਂ। ਅਦਾਲਤ ਨੇ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਧਾਰਾ-302 ਦੇ ਜੁਰਮ ਦਾ ਵਾਧਾ ਕਰਨ ਦੀ ਸੂਰਤ ’ਚ ਗ੍ਰਿਫ਼ਤਾਰੀ ਸਬੰਧੀ ਤਿੰਨ ਦਿਨ ਦਾ ਅਗਾਊਂ ਨੋਟਿਸ ਦੇਣਾ ਹੋਵੇਗਾ।