ਫ਼ਰੀਦਕੋਟ: ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਵਾਪਰੇ ਬਰਗਾੜੀ ਕਾਂਡ ਨੂੰ ਲੈ ਕੇ ਮਾਹੌਲ ਗਰਮਾ ਗਿਆ ਹੈ। ਖੁਫੀਆ ਏਜੰਸੀਆਂ ਮੁਤਾਬਕ 14 ਅਕਤੂਬਰ ਨੂੰ ਚੌਥੀ ਬਰਸੀ ਮੌਕੇ ਪਿੰਡ ਬਰਗਾੜੀ ਵਿੱਚ ਮੁੜ ਇਤਿਹਾਸਕ ਇਕੱਠ ਹੋਣ ਦੀ ਸੰਭਾਵਨਾ ਹੈ।


ਉਧਰ, ਪ੍ਰਸ਼ਾਸਨ ਨੇ ਪਿੰਡ ਬਰਗਾੜੀ ਦੀ ਦਾਣਾ ਮੰਡੀ ਦੀ ਤਾਰਬੰਦੀ ਕਰਕੇ ਉੱਥੇ ਦਫਾ 144 ਲਾ ਦਿੱਤੀ ਹੈ। ਇਸ ਕਰਕੇ ਸ਼ਰਧਾਂਜਲੀ ਸਮਾਗਮ ਪਿੰਡ ਬਰਗਾੜੀ ਦੇ ਖੇਡ ਸਟੇਡੀਅਮ ਵਿੱਚ ਹੋਵੇਗਾ। ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਇਸ ਸਮਾਗਮ ਦੀ ਅਗਵਾਈ ਕਰ ਰਹੇ ਹਨ। ਬਹਿਬਲ ਗੋਲੀ ਕਾਂਡ ਵਿੱਚ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਏ ਗੁਰਜੀਤ ਸਿੰਘ ਤੇ ਕ੍ਰਿਸ਼ਨ ਭਗਵਾਨ ਦੇ ਪਰਿਵਾਰ ਨੇ ਖਹਿਰਾ ਨਾਲ ਸਟੇਜ ਸਾਂਝੀ ਕਰਨ ਦੀ ਗੱਲ ਕਹੀ ਹੈ।

ਉਧਰ, ਸ਼੍ਰੋਮਣੀ ਅਕਾਲੀ ਦਲ (ਅ) ਦੇ ਮੁਖੀ ਸਿਮਰਨਜੀਤ ਸਿੰਘ ਮਾਨ ਤੇ ਬਰਗਾੜੀ ਮੋਰਚੇ ਦੀ ਅਗਵਾਈ ਕਰਨ ਵਾਲੇ ਧਿਆਨ ਸਿੰਘ ਮੰਡ ਬਰਗਾੜੀ ਪਿੰਡ ਵਿੱਚ ਹੋਣ ਵਾਲੇ ਸ਼ਰਧਾਂਜਲੀ ਸਮਾਗਮ ਵਿੱਚ ਹਾਜ਼ਰ ਨਹੀਂ ਹੋਣਗੇ। ਮੰਡ ਤੇ ਮਾਨ ਨੇ ਪਿੰਡ ਬਹਿਬਲ ਨਜ਼ਦੀਕ ਗੁਰਦੁਆਰਾ ਟਿੱਬੀ ਸਾਹਿਬ ਵਿਖੇ ਅਲੱਗ ਸਮਾਗਮ ਕਰਨ ਦਾ ਐਲਾਨ ਕੀਤਾ ਹੈ।

ਖਹਿਰਾ ਨੇ ਕਿਹਾ ਕਿ ਉਨ੍ਹਾਂ ਅਕਾਲੀ ਦਲ ਤੋਂ ਬਗੈਰ ਸਾਰੀਆਂ ਧਿਰਾਂ ਨੂੰ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਸਮਾਗਮ ਸ਼ਹੀਦ ਹੋਏ ਸਿੱਖਾਂ ਨੂੰ ਸ਼ਰਧਾਂਜਲੀ ਦੇਣ ਤੇ ਇਨਸਾਫ਼ ਲੈਣ ਲਈ ਹੈ। ਜ਼ਿਲ੍ਹਾ ਮੈਜਿਸਟਰੇਟ ਨੇ ਪਿੰਡ ਬਰਗਾੜੀ ਦੇ ਸਟੇਡੀਅਮ ਵਿੱਚ ਸ਼ਰਧਾਂਜਲੀ ਸਮਾਗਮ ਕਰਨ ਲਈ ਮਨਜ਼ੂਰੀ ਦੇ ਦਿੱਤੀ ਹੈ।

ਯਾਦ ਰਹੇ ਪਿਛਲੇ ਸਾਲ 14 ਅਕਤੂਬਰ ਨੂੰ ਪਿੰਡ ਬਰਗਾੜੀ ਵਿੱਚ ਹੋਈ ਪੰਥਕ ਏਕਤਾ ਦੌਰਾਨ ਸਿਮਰਨਜੀਤ ਸਿੰਘ ਮਾਨ ਤੇ ਧਿਆਨ ਸਿੰਘ ਮੰਡ ਵੀ ਹਾਜ਼ਰ ਸਨ ਪਰ ਪਿੰਡ ਬਰਗਾੜੀ ਵਿੱਚੋਂ ਪੰਥਕ ਮੋਰਚਾ ਚੁੱਕਣ ਤੋਂ ਬਾਅਦ ਮੰਡ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਸੀ। ਇਸੇ ਕਰਕੇ ਉਹ ਇਸ ਵਾਰ ਬਰਗਾੜੀ ਦੇ ਸਮਾਗਮ ਵਿੱਚ ਨਹੀਂ ਆ ਰਹੇ।

ਸ਼ਰਧਾਂਜਲੀ ਸਮਾਗਮ ਤੋਂ ਪਹਿਲਾਂ ਪਿੰਡ ਬਰਗਾੜੀ ਵਿੱਚ ਮੁੱਖ ਥਾਵਾਂ ’ਤੇ ਸੀਸੀਟੀਵੀ ਕੈਮਰੇ ਲਾਏ ਗਏ ਹਨ ਤੇ ਬਾਕਾਇਦਾ ਤੌਰ ’ਤੇ ਪੁਲਿਸ ਨਾਕੇ ਲਾਏ ਗਏ ਹਨ। ਜ਼ਿਲ੍ਹਾ ਪੁਲਿਸ ਮੁਖੀ ਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਪੁਲਿਸ ਨੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਹਨ ਤੇ ਲੋੜ ਪਈ ਤਾਂ ਹੋਰ ਵਾਧੂ ਪੁਲਿਸ ਬਲ ਵੀ ਤਾਇਨਾਤ ਕੀਤੇ ਜਾਣਗੇ।