ਚੰਡੀਗੜ੍ਹ: ਬੇਦਅਬੀ ਤੇ ਗੋਲੀ ਕਾਂਡ ਦੀ ਜਾਂਚ ਨੇ ਬਾਦਲ ਪਰਿਵਾਰ ਮੋੜ ਕੱਟ ਲਿਆ ਹੈ। ਇਸ ਨਾਲ ਸ਼੍ਰੋਮਣੀ ਅਕਾਲੀ ਦਲ ਵਿੱਚ ਖਲਬਲੀ ਮੱਚ ਗਈ ਹੈ। ਇਸ ਦੇ ਨਾਲ ਹੀ ਅਕਾਲੀ-ਭਾਜਪਾ ਸਰਕਾਰ ਵੇਲੇ ਸਰਗਰਮ ਰਹੇ ਕਈ ਪੁਲਿਸ ਅਫਸਰਾਂ ਨੂੰ ਤਰੇਲੀਆਂ ਆਉਣ ਲੱਗੀਆਂ ਹਨ। ਅਕਾਲੀ ਲੀਡਰ ਬੇਸ਼ੱਕ ਇਸ ਨੂੰ ਕੈਪਟਨ ਸਰਕਾਰ ਦੀ ਸਾਜ਼ਿਸ਼ ਕਰਾਰ ਦੇ ਰਹੇ ਹਨ ਪਰ ਸਾਰੇ ਮਾਮਲੇ ਦੇ ਡੇਰਾ ਸਿਰਸਾ ਨਾਲ ਜੁੜ ਰਹੇ ਤਾਰ ਕੁਝ ਹੋਰ ਹੀ ਬਿਆਨ ਰਹੇ ਹਨ।


ਇਸ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਜੇਲ੍ਹ ਵਿੱਚ ਬੰਦ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਤੋਂ ਪੁੱਛਗਿਛ ਕਰਕੇ ਸੱਚ ਸਾਹਮਣੇ ਲਿਆਉਣ ਦੀ ਯੋਜਨਾ ਬਣਾ ਰਹੀ ਹੈ। ਸਿੱਟ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੀ ਡੇਰਾ ਸਿਰਸਾ ਤੋਂ ਪੁੱਛਗਿੱਛ ਦੀ ਕੋਸ਼ਿਸ਼ ਕੀਤੀ ਸੀ ਪਰ ਹਰਿਆਣਾ ਸਰਕਾਰ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ ਸੀ। ਹੁਣ ਸਿੱਟ ਅਦਾਲਤ ਰਾਹੀਂ ਡੇਰਾ ਮੁਖੀ ਤੋਂ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕਰੇਗੀ। ਮੰਨਿਆ ਜਾ ਰਿਹਾ ਹੈ ਕਿ ਡੇਰਾ ਮੁਖੀ ਤੋਂ ਪੁੱਛਗਿੱਛ ਅਕਾਲੀ ਦਲ ਦੀ ਮੁਸ਼ਕਲਾਂ ਵਧਾ ਸਕਦੀ ਹੈ।

ਦਰਅਸਲ ਸਿੱਟ ਵੱਲੋਂ ਫ਼ਰੀਦਕੋਟ ਦੀ ਅਦਾਲਤ ਵਿੱਚ ਪੇਸ਼ ਕੀਤੇ ਚਲਾਨ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਸਮੇਤ ਹੋਰਨਾਂ ਦਾ ਨਾਮ ਆਉਣ ਮਗਰੋਂ ਪੰਜਾਬ ਦੀ ਰਾਜਨੀਤੀ ਗਰਮਾ ਗਈ ਹੈ।

ਅਕਾਲੀ ਦਲ ਵੱਲ਼ੋਂ ਸਾਜ਼ਿਸ਼ ਕਰਾਰ

ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਸਿੱਟ ਦੀ ਕਾਰਵਾਈ ਨੂੰ ਰਾਜਨੀਤੀ ਤੋਂ ਪ੍ਰੇਰਿਤ ਕਰਾਰ ਦੱਸਿਆ ਹੈ। ਚੀਮਾ ਨੇ ਕਿਹਾ ਕਿ ਕਾਂਗਰਸ ਨੇ ਪਹਿਲਾਂ 2017 ਦੀਆਂ ਵਿਧਾਨ ਸਭਾ ਚੋਣਾਂ ਤੇ ਹੁਣ ਸੰਸਦੀ ਚੋਣਾਂ ਦੌਰਾਨ ਇਸ ਮੁੱਦੇ ’ਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਦਿਆਂ ਅਕਾਲੀ ਦਲ ਖ਼ਿਲਾਫ਼ ਨਿਸ਼ਾਨਾ ਸੇਧਿਆ ਸੀ।ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਇਸੇ ਸਿਆਸੀ ਚਾਲ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੌਰਾਨ ਵੀ ਇਸੇ ਮੁੱਦੇ ਰਾਹੀਂ ਰਾਜਸੀ ਰੋਟੀਆਂ ਸੇਕਣ ਦੀ ਸਾਜ਼ਿਸ਼ ਸਾਹਮਣੇ ਆ ਰਹੀ ਹੈ।

ਕਾਂਗਰਸ ਵੱਲੋਂ ਤਿੱਖਾ ਹਮਲਾ

ਉਧਰ, ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਬਾਦਲਾਂ ਦਾ ਪੰਥਕ ਮਖੌਟਾ ਉੱਤਰ ਗਿਆ ਹੈ। ਹੁਣ ਬਾਦਲ ਪਰਿਵਾਰ ਨੂੰ ਰਾਜਨੀਤੀ ਤੋਂ ਲਾਂਭੇ ਹੋ ਕੇ ਘਰ ਬੈਠ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ ਸੁਖਬੀਰ ਬਾਦਲ ਨੂੰ ਸੰਸਦ ਮੈਂਬਰੀ ਤੇ ਪਾਰਟੀ ਦੀ ਪ੍ਰਧਾਨਗੀ ਦੋਵਾਂ ਅਹੁਦਿਆਂ ਤੋਂ ਅਸਤੀਫਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਐਸਆਈਟੀ ਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਖੁਲਾਸਿਆਂ ਤੋਂ ਬਾਅਦ ਕੋਈ ਵੀ ਸੱਚਾ ਸਿੱਖ ਬਾਦਲਾਂ ਦੇ ਨਾਲ ਜੁੜਨਾ ਪਸੰਦ ਨਹੀਂ ਕਰਦਾ ਕਿਉਂਕਿ ਆਪਣੇ ਰਾਜਸੀ ਹਿੱਤਾਂ ਲਈ ਬਾਦਲਾਂ ਨੇ ਧਰਮ ਤੇ ਸਿੱਖ ਕੌਮ ਨੂੰ ਵਰਤਿਆ ਹੈ।

ਆਮ ਆਦਮੀ ਪਾਰਟੀ ਵੀ ਹਮਲਾਵਰ

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਹੈ ਕਿ ਸੁਖਬੀਰ ਬਾਦਲ ਤੇ ਸੁਮੇਧ ਸੈਣੀ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਮਾਨ ਨੇ ਕਿਹਾ ਕਿ ਸਿੱਟ ਵੱਲੋਂ ਚਲਾਨ ਪੇਸ਼ ਕਰਨ ਉਪਰੰਤ ਹੁਣ ਸੁਖਬੀਰ ਬਾਦਲ ਤੇ ਸੈਣੀ ਦਾ ਖੁੱਲ੍ਹਾ ਘੁੰਮਣਾ ਠੀਕ ਨਹੀਂ ਕਿਉਂਕਿ ਇਹ ਦੋਹੇਂ ਪ੍ਰਭਾਵਸ਼ਾਲੀ ਵਿਅਕਤੀ ਬਾਹਰ ਰਹਿ ਕੇ ਜਾਂਚ ਨੂੰ ਪ੍ਰਭਾਵਿਤ ਕਰ ਸਕਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਕੈਪਟਨ ਅਮਰਿੰਦਰ ਸਿੰਘ ਨਿੱਜੀ ਤੇ ਸਿਆਸੀ ਤੌਰ ’ਤੇ ਬਾਦਲ ਪਰਿਵਾਰ ਦੇ ਪਹਿਰੇਦਾਰ ਵਜੋਂ ਕੰਮ ਕਰ ਰਹੇ ਹਨ।