ਬੇਅਦਬੀ ਤੇ ਗੋਲੀ ਕਾਂਡ: ਇੰਸਪੈਕਟਰ ਪਰਦੀਪ ਮਗਰੋਂ ਐਸਪੀ ਬਿਕਰਮਜੀਤ ਨੂੰ ਹਾਈਕੋਰਟ ਤੋਂ ਰਾਹਤ
ਏਬੀਪੀ ਸਾਂਝਾ | 15 Feb 2019 12:53 PM (IST)
ਚੰਡੀਗੜ੍ਹ: ਬੇਅਦਬੀ ਤੇ ਗੋਲੀ ਕਾਂਡ ਦੇ ਮਾਮਲੇ ਵਿੱਚ ਘਿਰੇ ਇੰਸਪੈਕਟਰ ਪਰਦੀਪ ਸਿੰਘ ਮਗਰੋਂ ਸਾਬਕਾ ਐਸਪੀ ਬਿਕਰਮਜੀਤ ਨੂੰ ਵੀ ਹਾਈਕੋਰਟ ਤੋਂ ਰਾਹਤ ਮਿਲੀ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸਾਬਕਾ ਐਸਪੀ ਬਿਕਰਮਜੀਤ ਦੀ ਗ੍ਰਿਫਤਾਰੀ 'ਤੇ 21 ਮਈ ਤੱਕ ਰੋਕ ਲਾ ਦਿੱਤੀ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਨੂੰ ਨੋਟਿਸ ਭੇਜ ਕੇ ਇਸ ਬਾਰੇ ਜਵਾਬ ਤਲਬ ਕੀਤਾ ਹੈ। ਕਾਬਲੇਗੌਰ ਹੈ ਕਿ ਬੇਅਦਬੀ ਤੇ ਗੋਲੀ ਕਾਂਡ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ 25 ਜਨਵਰੀ ਨੂੰ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਨੂੰ ਗ੍ਰਿਫਤਾਰ ਕਰ ਲਿਆ ਸੀ। ਇਸ ਮਗਰੋਂ ਇਸ ਮਾਮਲੇ ਵਿੱਚ ਜਾਂਚ ਦਾ ਸਾਹਮਣਾ ਕਰ ਰਹੇ ਪੁਲਿਸ ਅਫਸਰਾਂ ਐਸਪੀ ਬਿਕਰਮਜੀਤ, ਇੰਸਪੈਕਟਰ ਅਮਰਜੀਤ ਕੁਲਾਰ ਤੇ ਇੰਸਪੈਕਟਰ ਪਰਦੀਪ ਸਿੰਘ ਨੇ ਗ੍ਰਿਫਤਾਰੀ 'ਤੇ ਰੋਕ ਲਾਉਣ ਲਈ ਅਦਾਲਤ ਦਾ ਦਰ ਖੜਕਾਇਆ ਸੀ। ਹੇਠਲੀ ਅਦਾਲਤ ਤੋਂ ਅਰਜ਼ੀਆਂ ਰੱਦ ਹੋਣ ਮਗਰੋਂ ਉਨ੍ਹਾਂ ਨੇ ਹਾਈਕੋਰਟ ਦਾ ਰੁਖ ਕੀਤਾ ਸੀ। ਇਸ ਤੋਂ ਪਹਿਲਾਂ 13 ਫਰਵਰੀ ਨੂੰ ਹਾਈਕੋਰਟ ਨੇ ਇੰਸਪੈਕਟਰ ਪਰਦੀਪ ਸਿੰਘ ਨੂੰ ਰਾਹਤ ਦਿੱਤੀ ਸੀ। ਇਹ ਅਫਸਰ ਕਾਫੀ ਸਮੇਂ ਤੋਂ ਰੂਪੋਸ਼ ਸਨ। ਇਨ੍ਹਾਂ ਨੂੰ ਸਿੱਟ ਨੇ ਪੁੱਛਗਿੱਛ ਲਈ ਬੁਲਾਇਆ ਸੀ ਪਰ ਇਹ ਹਾਜ਼ਰ ਨਹੀਂ ਹੋਏ ਸੀ।