ਚੰਡੀਗੜ੍ਹ: ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਲੰਮੇ ਸਮੇਂ ਤੋਂ ਬਕਾਇਆ ਪਈਆਂ ਚੋਣਾਂ ਦੇ ਮਾਮਲੇ 'ਤੇ ਅਕਾਲੀ ਦਲ ਦੇ ਦੋਗਲੇ ਹੋਣ ਦਾ ਦਾਅਵਾ ਕੀਤਾ। ਚੀਮਾ ਨੇ ਕਿਹਾ ਕਿ ਜਦ ਐਚਐਸ ਫੂਲਕਾ ਨੇ ਚੋਣਾਂ ਤੁਰੰਤ ਕਰਾਉਣ ਸਬੰਧੀ ਮਤੇ ਪੇਸ਼ ਕੀਤਾ ਤਾਂ ਅਕਾਲੀ ਲਾ-ਜਵਾਬ ਹੀ ਹੋ ਗਏ।
ਉਨ੍ਹਾਂ ਕਿਹਾ ਕਿ ਜਦ ਫੂਲਕਾ ਵੱਲੋਂ ਲਿਆਂਦੇ ਗਏ ਮਤੇ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਮਰਥਨ ਕੀਤਾ ਤਾਂ ਬਿਕਰਮ ਮਜੀਠੀਆ ਸਮੇਤ ਅਕਾਲੀਆਂ ਦੇ ਮੂੰਹ ਹੀ ਉੱਤਰ ਗਏ। ਉਨ੍ਹਾਂ ਕਿਹਾ ਕਿ ਅਕਾਲੀ ਵਿਧਾਇਕ ਇਸ ਮਤੇ ਦਾ ਨਾ ਵਿਰੋਧ ਕਰ ਸਕੇ ਤੇ ਨਾ ਹੀ ਇਨ੍ਹਾਂ ਨੇ ਸਮਰਥਨ ਕੀਤਾ।
ਚੀਮਾ ਨੇ ਕਿਹਾ ਕਿ ਅਕਾਲੀਆਂ ਦੀ ਅਜਿਹੀ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਸਪੀਕਰ ਰਾਹੀਂ ਅਕਾਲੀ ਵਿਧਾਇਕਾਂ ਦੇ ਨਾਂ ਲੈ-ਲੈ ਕੇ ਪੁੱਛਿਆ ਕਿ ਕੀ ਉਹ ਮਤੇ ਦਾ ਵਿਰੋਧ ਕਰਦੇ ਹਨ ਜਾਂ ਸਮਰਥਨ ਕਰਦੇ ਹਨ, ਸਦਨ 'ਚ ਸਥਿਤੀ ਸਪੱਸ਼ਟ ਕਰਨ। ਚੀਮਾ ਨੇ ਕਿਹਾ ਕਿ ਅਕਾਲੀ ਵਿਧਾਇਕਾਂ ਨੇ ਸਥਿਤੀ ਸਪਸ਼ਟ ਕਰਨ ਦੀ ਥਾਂ 'ਆਪ' ਤੇ ਫੂਲਕਾ 'ਤੇ ਹੀ ਕਾਂਗਰਸ ਨਾਲ ਮਿਲੇ ਹੋਣ ਦੇ ਬੇਬੁਨਿਆਦ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ।
ਜਦਕਿ ਐਚਐਸ ਫੂਲਕਾ ਨੇ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਦੇ ਜਵਾਬ 'ਚ ਮਿਲੇ ਪੱਤਰ ਨੂੰ ਬੀਤੇ ਕੱਲ੍ਹ 13 ਫਰਵਰੀ ਨੂੰ ਸਦਨ ਦੇ ਟੇਬਲ 'ਤੇ ਰੱਖ ਦਿੱਤਾ ਸੀ। ਇਸ ਦੇ ਆਧਾਰ 'ਤੇ ਅੱਜ ਮਤਾ ਪੇਸ਼ ਕੀਤਾ ਗਿਆ। ਚੀਮਾ ਨੇ ਕਿਹਾ ਕਿ ਬਾਦਲਾਂ ਦੇ ਦੋਗਲੇ ਚਿਹਰੇ ਦੀ ਹੱਦ ਉਦੋਂ ਹੋ ਗਈ ਜਦੋਂ ਐਸਜੀਪੀਸੀ ਦੀਆਂ ਚੋਣਾਂ 'ਤੇ ਸਦਨ 'ਚ ਮਤੇ ਸਮੇਂ ਚੁੱਪ ਰਹੇ ਪਰ ਬਾਹਰ ਮੀਡੀਆ ਸਾਹਮਣੇ ਐਸਜੀਪੀਸੀ ਚੋਣਾਂ ਦਾ ਸਮਰਥਨ ਕਰਦੇ ਨਜ਼ਰ ਆਏ।