Farmer Protest: ਪਿਛਲੇ 10 ਮਹੀਨਿਆਂ ਤੋਂ ਪੰਜਾਬ ਕਿਸਾਨ ਸ਼ੰਭੂ ਤੇ ਖਨੌਰੀ ਸਰਹੱਦ ਉੱਤੇ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨ ਦਿੱਲੀ ਜਾ ਕੇ ਪ੍ਰਦਰਸ਼ਨ ਕਰਨਾ ਚਾਹੁੰਦੇ ਹਨ ਪਰ ਹਰਿਆਣਾ ਸਰਕਾਰ ਨੇ ਉਨ੍ਹਾਂ ਨੂੰ ਹਾਈਵੇ ਉੱਤੇ ਕੰਧਾਂ ਕੱਢਕੇ ਰੋਕਿਆ ਹੋਇਆ ਹੈ। ਇਸ ਪ੍ਰਦਰਸ਼ਨ ਵਿੱਚ ਗਾਇਕਾਂ ਤੇ ਅਦਾਕਾਰਾਂ ਵੱਲ਼ੋਂ ਵੀ ਯੋਗਦਾਨ ਪਾਇਆ ਜਾ ਰਿਹਾ ਹੈ। ਹੁਣ ਇਸ ਸਭ ਵਿਚਾਲੇ ਪੰਜਾਬੀ ਗਾਇਕ ਗੁਰੂ ਰੰਧਾਵਾ ਦੀ ਐਂਟਰੀ ਹੋ ਗਈ ਹੈ।



ਗੁਰੂ ਰੰਧਾਵਾ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਕਿਸਾਨ ਸਾਡੇ ਦੇਸ਼ ਵਿੱਚ ਹਰ ਘਰ ਨੂੰ ਭੋਜਨ ਪ੍ਰਦਾਨ ਕਰਦੇ ਹਨ। ਉਨ੍ਹਾਂ ਦੀ ਆਵਾਜ਼ ਸੁਣਨ ਦੀ ਲੋੜ ਹੈ। ਸਾਡੀ ਸਰਕਾਰੀ ਅਧਿਕਾਰੀਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਕਿਸਾਨ ਨਾਲ ਬੈਠ ਕੇ ਵਿਚਾਰ ਕਰੋ






ਇਸ ਦੇ ਨਾਲ ਹੀ ਇੱਕ ਹੋਰ ਟਵੀਟ ਦੇ ਜਵਾਬ ਵਿੱਚ ਗੁਰੂ ਨੇ ਕਿਹਾ ਕਿ ਹਾਂਜੀ ਮੇਰੇ ਵੀਰ ਜੋ ਮੈਂ ਕਹਿ ਰਿਹਾ ਹਾਂ ਸਰਕਾਰ ਨੂੰ ਬੇਨਤੀ ਹੈ ਕਿ ਉਹਨਾਂ ਦੀ ਗੱਲ ਸੁਣੋ ਤੇ ਦੇਖੋ ਕੀ ਕੀਤਾ ਜਾ ਸਕਦਾ ਹੈ, ਹਰ ਥਾਂ ਦੀ ਵੱਖਰੀ ਲੋੜ ਹੁੰਦੀ ਹੈ, ਜਿਵੇਂ ਇੱਕ ਘਰ ਦੇ ਸਾਰੇ ਮੈਂਬਰਾਂ ਦੀਆਂ ਲੋੜਾਂ ਵੱਖਰੀਆਂ ਹੁੰਦੀਆਂ ਹਨ, ਹੁੰਦੇ ਤਾਂ ਸਾਰੇ ਪਰਿਵਾਰ ਦੇ ਮੈਂਬਰ ਹੀ ਹਨ।






ਜ਼ਿਕਰ ਕਰ ਦਈਏ ਕਿ ਹਰਿਆਣਾ 'ਚ ਸੋਮਵਾਰ (16 ਦਸੰਬਰ) ਨੂੰ ਸ਼ੰਭੂ-ਖਨੌਰੀ ਸਰਹੱਦ 'ਤੇ ਅੰਦੋਲਨ ਕਰ ਰਹੇ ਕਿਸਾਨਾਂ ਦੇ ਸਮਰਥਨ 'ਚ ਇੱਕ ਟਰੈਕਟਰ ਮਾਰਚ ਕੱਢਿਆ ਗਿਆ। ਹਿਸਾਰ, ਸੋਨੀਪਤ, ਚਰਖੀ ਦਾਦਰੀ, ਸਿਰਸਾ, ਫਤਿਹਾਬਾਦ ਅਤੇ ਅੰਬਾਲਾ ਵਿੱਚ ਕਿਸਾਨ ਟਰੈਕਟਰਾਂ ਨਾਲ ਪਹੁੰਚੇ।



ਓਧਰ ਦੂਜੇ ਪਾਸੇ ਖਨੌਰੀ ਸਰਹੱਦ ’ਤੇ 20 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਰਾਸ਼ਟਰਪਤੀ ਨੂੰ ਪੱਤਰ ਲਿਖਿਆ ਹੈ। ਕਿਸਾਨਾਂ ਨੇ  ਡੱਲੇਵਾਲ ਵੱਲੋਂ ਲਿਖੇ ਪੱਤਰ ਦੀ ਕਾਪੀ ਡੀਸੀ ਅਤੇ ਐਸਡੀਐਮ ਨੂੰ ਸੌਂਪੀ। ਇਸ ਦੇ ਨਾਲ ਹੀ ਡਾਕਟਰਾਂ ਦਾ ਕਹਿਣਾ ਹੈ ਕਿ ਡੱਲੇਵਾਲ ਦਾ ਭਾਰ ਕਾਫੀ ਘੱਟ ਗਿਆ ਹੈ। ਉਸ ਨੂੰ ਸਾਈਲੈਂਟ ਹਾਰਟ ਅਟੈਕ ਦਾ ਖਤਰਾ ਹੈ। ਉਸ ਦਾ ਸਰੀਰ ਕਮਜ਼ੋਰ ਹੋ ਗਿਆ ਹੈ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਉਣਾ ਜ਼ਰੂਰੀ ਹੈ।