ਬੀਤੇ ਦਿਨੀਂ ਫਿਰੋਜ਼ਪੁਰ ਜਿਲ੍ਹੇ ਦੇ ਪਿੰਡ ਬਾਜੀਦਪੁਰ ਦੇ ਗੁਰਦੁਆਰਾ ਜਾਮਨੀ ਸਾਹਿਬ ਵਿਖੇ ਲੰਗਰ ਹਾਲ ਵਿੱਚ ਸਿਲੰਡਰ ਫੱਟਣ ਦੇ ਹਾਦਸੇ ਕਾਰਨ ਜਖਮੀ ਹੋਏ ਬੱਚਿਆਂ ਦਾ ਹਾਲ ਜਾਣਨ ਅਤੇ ਸਬੰਧਤ ਪਰਿਵਾਰਾਂ ਨੂੰ ਇਸ ਦੁੱਖ ਦੀ ਘੜੀ ਵਿੱਚ ਮਿਲਣ ਲਈ ਬੀਤੀ ਸ਼ਾਮ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਵਿਸ਼ੇਸ਼ ਤੌਰ ਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਪਹੁੰਚੇ।


ਇਸ ਮੌਕੇ ਸਪੀਕਰ  ਕੁਲਤਾਰ ਸਿੰਘ ਸੰਧਵਾਂ ਨੇ ਜਖਮੀਆਂ ਦਾ ਹਾਲ-ਚਾਲ ਜਾਣਿਆ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਡਾਕਟਰਾਂ ਨੂੰ ਹਦਾਇਤ ਕੀਤੀ ਕਿ ਜ਼ਖਮੀਆਂ ਦਾ ਇਲਾਜ ਵਧੀਆ ਤਰੀਕੇ ਨਾਲ ਕੀਤਾ ਜਾਵੇ। ਇਸ ਮੌਕੇ ਪੀੜਤ ਬੱਚਿਆਂ ਦੇ ਮਾਪਿਆਂ ਨੇ ਹੋ ਰਹੇ ਇਲਾਜ ਤੇ ਸੰਤੁਸ਼ਟੀ ਪ੍ਰਗਟ ਕੀਤੀ।


ਇਸ ਮੌਕੇ ਉਨ੍ਹਾਂ ਜ਼ਖਮੀ ਸਕੂਲੀ ਬੱਚਿਆਂ ਨੂੰ 50-50 ਹਜ਼ਾਰ ਰੁਪਏ ਆਪਣੇ ਅਖਤਿਆਰੀ ਕੋਟੇ ਵਿੱਚੋਂ ਵੀ ਦਿੱਤੇ। ਉਨ੍ਹਾਂ ਕਿਹਾ ਕਿ ਵਾਪਰੀ ਘਟਨਾ ਬਹੁਤ ਮੰਦਭਾਗੀ ਹੈ ਅਤੇ ਪੰਜਾਬ ਸਰਕਾਰ ਹਮੇਸ਼ਾ ਦੁੱਖ ਦੀ ਘੜੀ ਵਿੱਚ ਪੰਜਾਬ ਵਾਸੀਆਂ ਦੇ ਨਾਲ ਖੜ੍ਹੀ ਹੈ।



2 ਅਗਤਸ ਨੂੰ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਿਕ ਗੁਰਦੁਆਰਾ ਜਾਮਨੀ ਸਾਹਿਬ ਦੀ ਰਸੋਈ ਵਿਚ ਗੈਸ ਸਿਲੰਡਰ ਫਟਣ ਨਾਲ ਪੰਜ ਜਣਿਆਂ ਦੇ ਗੰਭੀਰ ਜ਼ਖਮੀਂ ਹੋ ਗਏ ਸਨ। ਜ਼ਖਮੀਆਂ ਨੂੰ ਇਲਾਜ ਲਈ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਸਿਵਲ ਹਸਪਤਾਲ ਦੀ ਐਮਰਜੈਂਸੀ ਵਾਰਡ ਦੇ ਮੈਡੀਕਲ ਅਫ਼ਸਰ ਨੇ ਦੱਸਿਆ ਸੀ ਕਿ ਗੁਰਦੁਅਰਾ ਸਾਹਿਬ ’ਚ ਸਿਲੰਡਰ ਫੱਟਣ ਕਾਰਨ ਹੋਏ ਵੱਡਾ ਧਮਾਕੇ ਅਤੇ ਅੱਗ ਲੱਗਣ ਕਾਰਨ 5 ਗੰਭੀਰ ਜ਼ਖਮੀਂ ਹੋ ਗਏ।


ਸਾਰੇ ਸੇਵਾਦਾਰ ਸਰਕਾਰੀ ਸਕੂਲ ਦੇ ਵਿਦਿਆਰਥੀ ਦੱਸੇ ਜਾ ਰਹੇ ਹਨ। ਹਾਦਸੇ ਦਾ ਪਤਾ ਲੱਗਦੇ ਹੀ ਜ਼ਿਲ੍ਹਾ ਪੁਲਿਸ ਮੁਖੀ ਸੋਮਿਆ ਮਿਸ਼ਰਾ ਆਪਣੇ ਹੋਰ ਪੁਲਿਸ ਅਧਿਕਾਰੀਆਂ ਸਮੇਤ ਗੁਰਦੁਆਰਾ ਸਾਹਿਬ ਪਹੁੰਚੇ ਤੇ ਮਾਮਲੇ ਸਬੰਧੀ ਜਾਣਕਾਰੀ ਹਾਸਲ ਕੀਤੀ।


ਇਸ ਦੌਰਾਨ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਲੈ ਕੇ ਆਏ ਗੁਰਦੁਆਰੇ ਦੇ ਸੇਵਾਦਾਰ ਨੇ ਦੱਸਿਆ ਕਿ ਕੁਝ ਵਿਦਿਆਰਥੀ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਨਾਲ ਬਣੀ ਰਸੋਈ ਵਿਚ ਸੇਵਾ ਕਰਨ ਗਏ ਸਨ। ਇਸ ਦੌਰਾਨ ਅਚਾਨਕ ਅੱਗ ਲੱਗ ਗਈ, ਜਿਸ ਵਿਚ ਕੁਝ ਸੇਵਾਦਾਰ ਝੁਲਸ ਗਏ। ਜ਼ਖਮੀਆਂ ਦਾ ਸਥਾਨਕ ਸਿਵਲ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ ।