ਅੰਮ੍ਰਿਤਸਰ: ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਦਿੱਲੀ ਦੇ ਗੁਰਚਰਨ ਸਿੰਘ ਬੱਬਰ ਨੇ ਅੱਜ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਪਰ ਜਥੇਦਾਰ ਨੇ ਉਨ੍ਹਾਂ ਨੂੰ ਮਿਲਣੋਂ ਇਨਕਾਰ ਕਰ ਦਿੱਤਾ। ਬੱਬਰ ਨੇ ਫੂਲਕਾ ਵੱਲੋਂ ਸਿੱਖ ਪੰਥ ਨੂੰ ਧੋਖਾ ਦੇਣ ਸਬੰਧੀ ਸਬੂਤ ਹੋਣ ਦਾ ਦਾਅਵਾ ਕੀਤਾ। ਉਨ੍ਹਾਂ ਇਹ ਸਬੂਤ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਦੇਣ ਦੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਹੀਂ ਹੋ ਸਕੇ। ਇਸ ਤੋਂ ਬਾਅਦ ਗੁਰਚਰਨ ਸਿੰਘ ਬੱਬਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਹਰਵਿੰਦਰ ਸਿੰਘ ਫੂਲਕਾ ਉੱਪਰ ਇਲਜ਼ਾਮਾਂ ਦੀ ਝੜੀ ਲਾ ਦਿੱਤੀ। ਉਨ੍ਹਾਂ ਕਿਹਾ ਕਿ ਫੂਲਕਾ ਨੇ ਕੌਮ ਦੀ ਪਿੱਠ ਤੇ ਛੁਰਾ ਮਾਰਿਆ ਤੇ ਚੁਰਾਸੀ ਦੇ ਦੰਗਿਆਂ ਦੇ ਨਾਂ ’ਤੇ ਕੇਸ ਲੜਨ ਦੇ ਇਵਜ਼ ਵਿੱਚ ਕਰੋੜਾਂ ਰੁਪਏ ਦੀ ਜਾਇਦਾਦ ਬਣਾ ਲਈ ਹੈ। ਉਨ੍ਹਾਂ ਫੂਲਕਾ ’ਤੇ ਇਲਜ਼ਾਮ ਲਾਇਆ ਕਿ ਇਹ ਬੇਨਾਮੀ ਜਾਇਦਾਦ ਦੇ ਸਬੂਤ ਉਹ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸੌਂਪਣਾ ਚਾਹੁੰਦੇ ਹਨ। ਬੱਬਰ ਨੇ ਦੱਸਿਆ ਕਿ ਫੂਲਕਾ ਨੇ ਕਿਸੇ ਵੀ ਸਿੱਖ ਪਰਿਵਾਰ ਦਾ ਕੇਸ ਨਹੀਂ ਲੜਿਆ ਬਲਕਿ ਉਹ ਸਿਰਫ਼ ਦਲਾਲੀ ਕਰ ਰਹੇ ਹਨ। ਸੁਪਰੀਮ ਕੋਰਟ ਵਿੱਚ ਸੀਬੀਆਈ ਦੇ ਵਕੀਲ ਤੇ ਸੱਜਣ ਕੁਮਾਰ ਜਗਦੀਸ਼ ਟਾਈਟਲਰ ਦੇ ਵਕੀਲ ਹੀ ਬਹਿਸ ਕਰਦੇ ਹਨ, ਫੂਲਕਾ ਸਿਰਫ ਤਮਾਸ਼ਾ ਵੇਖਦੇ ਹਨ। ਯਾਦ ਰਹੇ ਕਿ ਇਸ ਤੋਂ ਪਹਿਲਾਂ ਬੱਬਰ ਦਿੱਲੀ ਤੇ ਚੰਡੀਗੜ੍ਹ ਵਿੱਚ ਵੀ ਪੱਤਰਕਾਰ ਸੰਮੇਲਨ ਦੌਰਾਨ ਫੂਲਕਾ ’ਤੇ ਇਲਜ਼ਾਮ ਮੜ੍ਹ ਚੁੱਕੇ ਸਨ।