ਅੰਮ੍ਰਿਤਸਰ: ਪਾਕਿਸਤਾਨ ਫੇਰੀ ਤੋਂ ਭਾਰਤ ਪਰਤਦੇ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਉਹ ਗੋਪਾਲ ਸਿੰਘ ਚਾਵਲਾ ਨੂੰ ਨਹੀਂ ਜਾਣਦੇ। ਉਨ੍ਹਾਂ ਦੇ ਬੈਠਣ ਦਾ ਪ੍ਰਬੰਧ ਪਾਕਿਸਤਾਨ ਸਰਕਾਰ ਨੇ ਕੀਤਾ ਸੀ। ਇਸ ਕਾਰਨ ਸਿਟਿੰਗ ਪਲਾਨ ਵਿੱਚ ਗੋਪਾਲ ਚਾਵਲਾ ਉਨ੍ਹਾਂ ਦੇ ਨਾਲ ਆ ਗਿਆ। ਉਂਝ ਉਨ੍ਹਾਂ ਦੀ ਉਸ ਨਾਲ ਕੋਈ ਗੱਲਬਾਤ ਨਹੀਂ ਹੋਈ।


ਉਂਝ ਲੌਂਗੋਵਾਲ ਆਪਣੀ ਸਫ਼ਾਈ ਦਿੰਦਿਆਂ ਨਵਜੋਤ ਸਿੱਧੂ ਦਾ ਵੀ ਬਚਾਅ ਕਰ ਗਏ। ਉਨ੍ਹਾਂ ਕਿਹਾ ਕਿ ਇਸ ਸਭ ਲਈ ਪਾਕਿਸਤਾਨ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਦੇ ਬੈਠਣ ਦਾ ਪ੍ਰਬੰਧ ਪਾਕਿ ਸਰਕਾਰ ਨੇ ਹੀ ਕੀਤਾ ਸੀ।

ਲੌਂਗੋਵਾਲ ਨੇ ਕਿਹਾ ਕਿ ਉਨ੍ਹਾਂ ਨੇ ਪਾਕਿਸਤਾਨ ਸਰਕਾਰ ਨੂੰ ਆਖਿਆ ਹੈ ਕਿ ਸ਼੍ਰੋਮਣੀ ਕਮੇਟੀ ਕਰਤਾਰਪੁਰ ਲਾਂਘੇ ਲਈ ਉਨ੍ਹਾਂ ਦੀ ਹਰ ਤਰ੍ਹਾਂ ਮਦਦ ਕਰਨ ਲਈ ਤਿਆਰ ਹੈ। ਪਾਕਿਸਤਾਨ ਦੇ ਵਿੱਚ ਗੁਰਦੁਆਰਿਆਂ ਦੀ ਹਾਲਤ ਬਾਰੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਕੁਝ ਗੁਰਦੁਆਰਿਆਂ ਦਾ ਦੌਰਾ ਕੀਤਾ ਹੈ। ਉਹ ਇਹ ਮਸਲਾ ਪਾਕਿ ਸਰਕਾਰ ਨਾਲ ਸਾਂਝਾ ਕਰਨਗੇ। ਇਸ ਲਈ ਉਹ ਜਨਵਰੀ 'ਚ ਮੁੜ ਪਾਕਿਸਤਾਨ ਵੀ ਜਾ ਸਕਦੇ ਹਨ। ਓਕਾਫ ਬੋਰਡ ਦੇ ਅਧਿਕਾਰੀਆਂ ਨਾਲ ਇਸ ਬਾਰੇ ਉਨ੍ਹਾਂ ਦੀ ਮੀਟਿੰਗ ਵੀ ਹੋਵੇਗੀ।

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸੰਬਧੀ ਤਿਆਰੀਆਂ ਬਾਰੇ ਲੌਂਗੋਵਾਲ ਨੇ ਕਿਹਾ ਕਿ ਉਨ੍ਹਾਂ ਨੇ ਓਕਾਫ ਬੋਰਡ ਤੇ ਸਥਾਨਕ ਗੁਰਦੁਆਰਾ ਕਮੇਟੀ ਨਾਲ ਮੀਟਿੰਗ ਕੀਤੀ ਹੈ। ਇਸ ਸਬੰਧੀ ਉਨ੍ਹਾਂ ਦੀਆਂ ਕਾਫੀ ਵਿਚਾਰਾਂ ਹੋਈਆਂ ਹਨ। ਉਹ ਚਾਹੁੰਦੇ ਹਨ ਕਿ ਇੱਕ ਨਗਰ ਕੀਰਤਨ ਪਾਕਿਸਤਾਨ ਤੋਂ ਭਾਰਤ ਆਵੇ।