ਇਸ਼ਕ ਦੇ ਚੱਕਰ 'ਚ ਪਾਕਿਸਤਾਨ ਗਿਆ ਭਾਰਤੀ ਛੇ ਵਰ੍ਹਿਆਂ ਬਾਅਦ ਵਤਨ ਪਰਤਿਆ
ਏਬੀਪੀ ਸਾਂਝਾ | 18 Dec 2018 06:10 PM (IST)
ਅੰਮ੍ਰਿਤਸਰ: ਪਿਛਲੇ ਛੇ ਸਾਲਾਂ ਤੋਂ ਪਾਕਿਸਤਾਨ ਵਿੱਚ ਨਜ਼ਰਬੰਦ ਮਹਾਰਾਸ਼ਟਰ ਦਾ ਰਹਿਣ ਵਾਲਾ ਹਾਮਿਦ ਅੰਸਾਰੀ ਅੱਜ ਛੇ ਸਾਲਾਂ ਬਾਅਦ ਭਾਰਤ ਪਰਤ ਆਇਆ। ਵਾਹਗਾ ਸਰਹੱਦ ਰਾਹੀਂ ਪਾਕਿਸਤਾਨੀ ਸੁਰੱਖਿਆ ਏਜੰਸੀਆਂ ਨੇ ਹਾਮਿਦ ਅੰਸਾਰੀ ਨੂੰ ਭਾਰਤੀ ਸੁਰੱਖਿਆ ਏਜੰਸੀਆਂ ਹਵਾਲੇ ਕੀਤਾ ਜਿੱਥੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਬੀਐਸਐਫ ਦੇ ਅਧਿਕਾਰੀ ਉਸ ਨੂੰ ਇੱਥੋਂ ਲੈ ਕੇ ਰਵਾਨਾ ਹੋ ਗਏ। ਵਾਹਗਾ ਸਰਹੱਦ 'ਤੇ ਹਾਮਿਦ ਅੰਸਾਰੀ ਨੂੰ ਲੈਣ ਲਈ ਉਨ੍ਹਾਂ ਦੇ ਪਿਤਾ ਨਿਹਾਲ ਅੰਸਾਰੀ, ਮਾਤਾ ਫੌਜੀਆ ਅੰਸਾਰੀ ਤੇ ਭਰਾ ਖਾਲਿਦ ਅੰਸਾਰੀ ਪਹੁੰਚੇ ਹੋਏ ਸਨ। ਉਨ੍ਹਾਂ ਨਾਲ ਸਥਾਨਕ ਐਨਜੀਓ ਦੇ ਵੀ ਲੋਕ ਸਨ। ਹਾਮਿਦ ਅੰਸਾਰੀ ਨੇ ਭਾਰਤ ਵਿੱਚ ਦਾਖਲ ਹੁੰਦਿਆਂ ਹੀ ਸਭ ਤੋਂ ਪਹਿਲਾਂ ਪਰਿਵਾਰ ਨਾਲ ਸਰਜ਼ਮੀ ਨੂੰ ਮੱਥਾ ਟੇਕਿਆ। ਮਿੱਟੀ ਨੂੰ ਮੱਥੇ ਲਾਇਆ ਤੇ ਮਾਂ ਦੇ ਗੱਲ ਲੱਗ ਕੇ ਜੀਅ ਭਰ ਆਪਣੇ ਮਨ ਨੂੰ ਹੌਲਾ ਕੀਤਾ। ਹਾਮਿਦ ਦੀ ਮਾਂ ਫੌਜੀਆ ਦੀਆਂ ਅੱਖਾਂ ਵਿੱਚੋਂ ਹੰਝੂ ਰੁਕ ਨਹੀਂ ਰਹੇ ਸਨ। ਇਸ ਮੌਕੇ ਭਾਰਤ ਦੀਆਂ ਵੱਖ-ਵੱਖ ਖੁਫੀਆ ਏਜੰਸੀਆਂ ਦੇ ਅਧਿਕਾਰੀ ਵੀ ਪਹੁੰਚੇ ਹੋਏ ਸਨ। ਸੂਤਰਾਂ ਮੁਤਾਬਕ ਪਾਕਿਸਤਾਨੀ ਖੁਫੀਆ ਏਜੰਸੀਆਂ ਹਾਮਿਦ ਅੰਸਾਰੀ ਨੂੰ ਕਰੀਬ ਦੋ ਵਜੇ ਪਾਕਿਸਤਾਨ ਵਾਲੇ ਪਾਸੇ ਸਰਹੱਦ 'ਤੇ ਲੈ ਕੇ ਪਹੁੰਚ ਗਈਆਂ ਸਨ ਪਰ ਉੱਥੇ ਵੀ ਕਾਗਜ਼ੀ ਪ੍ਰਕਿਰਿਆ ਪੂਰੀ ਹੁੰਦੇ ਹੁੰਦੇ ਕੁਝ ਸਮਾਂ ਲੱਗ ਗਿਆ। ਇਸ ਕਾਰਨ ਅੰਸਾਰੀ ਭਾਰਤ ਕਰੀਬ ਪੰਜ ਵਜੇ ਪੁੱਜਾ। ਹਾਲਾਂਕਿ ਮੀਡੀਆ ਕਰਮੀਆਂ ਨੇ ਹਾਮਿਦ ਅਨਸਾਰੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਬੀਐਸਐਫ ਦੇ ਅਧਿਕਾਰੀ ਉਸ ਨੂੰ ਆਪਣੇ ਨਾਲ ਲੈ ਕੇ ਰਵਾਨਾ ਹੋ ਗਏ ਜਦਕਿ ਪਰਿਵਾਰ ਨੇ ਮੀਡੀਆ ਤੋਂ ਉਸੇ ਤਰ੍ਹਾਂ ਦੂਰੀ ਬਣਾਈ ਰੱਖੀ ਜਿਸ ਤਰ੍ਹਾਂ ਉਹ ਪਹਿਲਾਂ ਤੋਂ ਹੀ ਬਣਾ ਕੇ ਰੱਖ ਰਿਹਾ ਸੀ।