ਚੰਡੀਗੜ੍ਹ: ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਵੀਰਵਾਰ ਨੂੰ 80 ਮੈਂਬਰੀ ਰਾਸ਼ਟਰੀ ਕਾਰਜਕਾਰਨੀ ਦਾ ਐਲਾਨ ਕੀਤਾ ਜਿਸ 'ਚ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਵਾਲੇ ਮੇਨਕਾ ਗਾਂਧੀ ਤੇ ਵਿਨੈ ਕਟਿਆਰ ਵਰਗੇ ਵੱਡੇ ਚਿਹਰਿਆਂ ਨਾਲ ਵਰੁਣ ਗਾਂਧੀ ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ ਹੈ। ਨਵੀਂ ਕਾਰਜਕਾਰਨੀ ਵਿੱਚ ਭਾਜਪਾ ਦੀ ਸਿਖਰਲੀ ਲੀਡਰਸ਼ਿਪ ਪ੍ਰਧਾਨ ਮੰਤਰੀ ਮੋਦੀ, ਅਮਿਤ ਸ਼ਾਹ ਸਮੇਤ ਪ੍ਰਮੁੱਖ ਕੇਂਦਰੀ ਮੰਤਰੀਆਂ ਤੇ ਬਜ਼ੁਰਗ ਲਾਲ ਕ੍ਰਿਸ਼ਨ ਅਡਵਾਨੀ ਤੇ ਮੁਰਲੀ ਮਨੋਹਰ ਜੋਸ਼ੀ ਨੂੰ ਵੀ ਥਾਂ ਦਿੱਤੀ ਹੈ।


ਇਸ ਦੇ ਨਾਲ ਹੀ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਤੋਂ ਦੋ ਚਿਹਰਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਕੇਂਦਰੀ ਮੰਤਰੀ ਹਰਦੀਪ ਪੁਰੀ ਤੇ ਹੁਸ਼ਿਆਰਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਸੋਮ ਪ੍ਰਕਾਸ਼ ਨੂੰ ਵੀ ਪੰਜਾਬੀ ਚਿਹਰਿਆਂ ਵਜੋਂ ਕੌਮੀ ਕਾਰਜਕਾਰਨੀ ਵਿੱਚ ਸ਼ਾਮਲ ਕੀਤਾ ਗਿਆ ਹੈ। ਹਰਦੀਪ ਪੁਰੀ ਪੰਜਾਬ ਤੋਂ ਹਨ ਤੇ ਮੋਦੀ ਕੈਬਨਿਟ ਵਿੱਚ ਸਿੱਖ ਚਿਹਰਾ ਹਨ।


ਹਰਦੀਪ ਪੁਰੀ ਨੇ ਪਿਛਲੀ ਲੋਕ ਸਭਾ ਚੋਣ ਅੰਮ੍ਰਿਤਸਰ ਤੋਂ ਲੜੀ ਸੀ ਪਰ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਦੇ ਬਾਵਜੂਦ ਉਨ੍ਹਾਂ ਨੂੰ ਮੋਦੀ ਸਰਕਾਰ ਵਿੱਚ ਕੇਂਦਰੀ ਮੰਤਰੀ ਬਣਾਇਆ ਗਿਆ। ਇਸ ਦੇ ਨਾਲ ਹੀ ਸੋਮ ਪ੍ਰਕਾਸ਼ ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਹਨ। ਸੋਮ ਪ੍ਰਕਾਸ਼ ਅਨੁਸੂਚਿਤ ਜਾਤੀ ਸ਼੍ਰੇਣੀ ਨਾਲ ਸਬੰਧਤ ਹੈ।


ਸਿਆਸਤਦਾਨਾਂ ਦਾ ਮੰਨਣਾ ਹੈ ਕਿ ਭਾਜਪਾ ਨੇ ਕੌਮੀ ਕਾਰਜਕਾਰਨੀ ਵਿੱਚ ਪੰਜਾਬ ਦੇ ਚਿਹਰਿਆਂ ਨੂੰ ਸ਼ਾਮਲ ਕਰਕੇ 2022 ਵਿੱਚ ਪਾਰਟੀ ਨੂੰ ਮਜ਼ਬੂਤ ਆਧਾਰ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਸ ਤੋਂ ਪਹਿਲਾਂ ਵੀ ਕੇਂਦਰੀ ਪੱਧਰ 'ਤੇ ਮੰਤਰੀਆਂ ਨੂੰ ਚੋਣਾਂ ਸਬੰਧੀ ਮੋਦੀ ਸਰਕਾਰ ਵਿੱਚ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ।


ਤਕਰੀਬਨ ਤਿੰਨ ਸਾਲਾਂ ਬਾਅਦ ਨਵੀਂ ਕਾਰਜਕਾਰਨੀ ਦੇ ਪੁਨਰਗਠਨ 'ਚ ਇਸ ਵਾਰ ਹੋਰ ਪਾਰਟੀਆਂ ਤੋਂ ਆਏ ਨੇਤਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਪ੍ਰਮੁੱਖ ਨਾਂ ਜਯੋਤੀਰਾਦਿੱਤਿਆ ਸਿੰਧੀਆ, ਮਿਥੁਨ ਚੱਕਰਵਰਤੀ, ਦਿਨੇਸ਼ ਤ੍ਰਿਵੇਦੀ ਆਦਿ ਹਨ।


ਕੇਂਦਰੀ ਮੰਤਰੀ ਮੰਡਲ ਵਿੱਚ ਨਵੇਂ ਆਏ ਅਸ਼ਵਨੀ ਵੈਸ਼ਨਵ ਤੋਂ ਇਲਾਵਾ, ਮੁੱਖ ਮੰਤਰੀ, ਉਪ ਮੁੱਖ ਮੰਤਰੀ, ਵਿਧਾਨ ਸਭਾ ਤੇ ਵਿਧਾਨ ਪ੍ਰੀਸ਼ਦਾਂ ਵਿੱਚ ਵਿਧਾਇਕ ਦਲ ਦੇ ਨੇਤਾ, ਸਾਬਕਾ ਮੁੱਖ ਮੰਤਰੀ-ਉਪ ਮੁੱਖ ਮੰਤਰੀ, ਰਾਸ਼ਟਰੀ ਬੁਲਾਰੇ, ਰਾਜ ਦੇ ਇੰਚਾਰਜ-ਕਮ-ਇਨ-ਚਾਰਜ, ਰਾਜ ਪ੍ਰਧਾਨਾਂ ਨੂੰ ਕਾਰਜਕਾਰਨੀ ਵਿੱਚ ਥਾਂ ਦਿੱਤੀ ਗਈ ਹੈ। ਰਾਸ਼ਟਰੀ ਕਾਰਜਕਾਰਨੀ ਦੀ ਬੈਠਕ 7 ਨਵੰਬਰ ਨੂੰ ਦਿੱਲੀ ਵਿੱਚ ਹੋਵੇਗੀ। ਇਸ ਤੋਂ ਪਹਿਲਾਂ ਕਾਰਜਕਾਰਨੀ ਦੀ ਆਖਰੀ ਮੀਟਿੰਗ ਜਨਵਰੀ 2019 ਵਿੱਚ ਹੋਈ ਸੀ।


ਇਹ ਵੀ ਪੜ੍ਹੋ:


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904