Nijjar's killing in Canada: ਖਾਲਿਸਤਾਨ ਪੱਖੀ ਲੀਡਰ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਸਬੰਧੀ ਗ੍ਰਿਫਤਾਰ ਤਿੰਨ ਨੌਜਵਾਨਾਂ ਬਾਰੇ ਕੈਨੇਡੀਅਨ ਮੀਡੀਆ ਨੇ ਵੱਡਾ ਖੁਲਾਸਾ ਕੀਤਾ ਹੈ। ਕੈਨੇਡੀਅਨ ਮੀਡੀਆ ਵਿੱਚ ਛਪੀਆਂ ਰਿਪੋਰਟਾਂ ਮੁਤਾਬਕ ਗ੍ਰਿਫ਼ਤਾਰ ਕੀਤੇ ਤਿੰਨੇ ਨੌਜਵਾਨ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਹਨ। ਬਿਸ਼ਨੋਈ ਇਸ ਵੇਲੇ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਹੈ। 



ਦੱਸ ਦਈਏ ਕਿ ਰੌਇਲ ਕੈਨੇਡੀਅਨ ਮਾਊਂਟਿਡ ਪੁਲਿਸ ਨੇ ਨਿੱਝਰ ਦੀ ਹੱਤਿਆ ਨਾਲ ਜੁੜੇ ਕੇਸ ਵਿੱਚ ਤਿੰਨ ਭਾਰਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਸਟੱਡੀ ਵੀਜ਼ੇ ’ਤੇ ਕੈਨੇਡਾ ਆਏ ਸਨ। ਬੇਸ਼ੱਕ ਇਨ੍ਹਾਂ ਨੌਜਵਾਨਾਂ ਦੇ ਪਰਿਵਾਰ ਗ੍ਰਿਫਤਾਰੀ ਤੋਂ ਹੈਰਾਨ ਹਨ ਪਰ ਕੈਨੇਡੀਅਨ ਮੀਡੀਆ ਰਿਪੋਰਟਾਂ ਮੁਤਾਬਕ ਇਨ੍ਹਾਂ ਦੇ ਤਾਰ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜ ਰਹੇ ਹਨ।


ਉਧਰ, ਕੈਨੇਡੀਅਨ ਜਾਂਚ ਏਜੰਸੀਆਂ ਵੀ ਅਜਿਹੀ ਹੀ ਖਦਸ਼ਾ ਜਤਾ ਰਹੀਆਂ ਹਨ। ਜਾਂਚ ਦੇ ਨਜ਼ਦੀਕੀ ਸੂਤਰਾਂ ਦੇ ਹਵਾਲੇ ਨਾਲ ਕੈਨੇਡੀਅਨ ਮੀਡੀਆ ਵਿੱਚ ਛਪੀਆਂ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਸ਼ੁੱਕਰਵਾਰ ਨੂੰ ਗ੍ਰਿਫਤਾਰ ਕੀਤੇ ਗਏ ਸਾਰੇ ਵਿਅਕਤੀ ਇੱਕ ਅਪਰਾਧਿਕ ਸੰਗਠਨ ਦੇ ਕਥਿਤ ਸਹਿਯੋਗੀ ਹਨ, ਜੋ ਕਥਿਤ ਤੌਰ 'ਤੇ ਬਦਨਾਮ ਪੰਜਾਬੀ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਜੁੜੇ ਹੋਏ ਹਨ, ਜੋ ਇਸ ਸਮੇਂ ਭਾਰਤ ਵਿੱਚ ਕੈਦ ਹੈ।


ਲਾਰੈਂਸ ਬਿਸ਼ਨੋਈ 'ਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਸਮੇਤ ਵੱਖ-ਵੱਖ ਅਪਰਾਧਾਂ ਦੇ ਕਈ ਦੋਸ਼ ਹਨ। ਇਸ ਤੋਂ ਇਲਾਵਾ, ਬਿਸ਼ਨੋਈ 'ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੇ ਫਿਰੌਤੀ ਨਾਲ ਸਬੰਧਤ ਵੀ ਦੋਸ਼ ਹਨ। ਖਾਲਿਸਤਾਨੀ ਲੀਡਰ ਹਰਦੀਪ ਸਿੰਘ ਨਿੱਝਰ ਦੀ ਪਿਛਲੇ ਸਾਲ ਜੂਨ ਵਿੱਚ ਸਰੀ ਦੇ ਇੱਕ ਗੁਰਦੁਆਰੇ ਦੇ ਬਾਹਰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਮਗਰੋਂ ਕੈਨੇਡਾ ਨੇ ਇਸ ਹੱਤਿਆ ਪਿੱਛੇ ਭਾਰਤੀ ਏਜੰਸੀਆਂ ਦੀ ਹੱਥ ਦੱਸਿਆ ਸੀ।