ਚੰਡੀਗੜ੍ਹ: ਪੰਜਾਬ ਦੀ ਕੈਪਟਨ ਵਜ਼ਾਰਤ ’ਚ ਛੇਤੀ ਹੀ ਕੁਝ ਫੇਰ-ਬਦਲ ਹੋਣ ਵਾਲਾ ਹੈ। ਵਿਧਾਨ ਸਭਾ ਚੋਣਾਂ (Punjab Assembly Eletions) ਤੋਂ ਪਹਿਲਾਂ ਮੰਤਰੀ ਮੰਡਲ ਵਿੱਚ ਤਬਦੀਲੀ ਦੀ ਪਹਿਲਾਂ ਤੋਂ ਹੀ ਆਸ ਸੀ। ਅਜਿਹੀਆਂ ਅਹਿਮ ਸਿਆਸੀ ਗਤੀਵਿਧੀਆਂ ਤੋਂ ਪਹਿਲਾਂ, ਸੱਤਾਧਾਰੀ ਕਾਂਗਰਸ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਤੇ ਸਰਬ ਹਿੰਦ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਹਰੀਸ਼ ਰਾਵਤ (Harish rawat) ਅਗਲੇ ਹਫਤੇ ਚੰਡੀਗੜ੍ਹ ਆਉਣ ਵਾਲੇ ਹਨ। ਉਨ੍ਹਾਂ ਦੇ ਇਸ ਵੇਲੇ ਚੰਡੀਗੜ੍ਹ ਆਉਣ ਦਾ ਮੁੱਖ ਮੰਤਵ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh) ਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਵਿਚਾਲੇ ਮਤਭੇਦ ਦੂਰ ਕਰਨਾ ਹੀ ਮੰਨਿਆ ਜਾ ਰਿਹਾ ਹੈ।


ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਮੁੱਖ ਮੰਤਰੀ ਤੇ ਨਵਜੋਤ ਸਿੰਘ ਸਿੱਧੂ ਨੂੰ ਮਿਲ ਕੇ ਕੰਮ ਕਰਨ ਲਈ ਕਿਹਾ ਹੈ ਤੇ ਆਪਣੇ ਸਾਰੇ ਆਪਸੀ ਮਤਭੇਦ ਭੁਲਾ ਦੇਣ ਦੀ ਹਦਾਇਤ ਕੀਤੀ ਹੈ। ਪਾਰਟੀ ਦੀ ਸੂਬਾਈ ਇਕਾਈ 'ਚ ਵਧ ਰਹੀ ਬੇਚੈਨੀ ਕਾਰਨ ਰਾਵਤ ਦੇ ਦੌਰੇ ਨੂੰ ਹੁਣ ਇੱਕ ਸ਼ਾਂਤੀ ਦੇ ਕਦਮ ਵਜੋਂ ਹੀ ਵੇਖਿਆ ਜਾ ਰਿਹਾ ਹੈ।


ਇਹ ਵੀ ਕਿਹਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਦਾ ਵਿਰੋਧ ਕਰਨ ਵਾਲੇ ਕਿਸੇ ਵੀ ਮੰਤਰੀ ਨੂੰ ਬਾਹਰ ਨਾ ਕੱਢਿਆ ਜਾਵੇ ਤੇ ਸਿੱਧੂ ਦੇ ਕੈਂਪ ਵਿੱਚੋਂ ਵੀ ਫੇਰ-ਬਦਲ ਵੇਲੇ ਪ੍ਰਤੀਨਿਧਤਾ ਦਿੱਤੀ ਜਾਵੇ। ਇਸ ਸਾਰੇ ਮਾਮਲੇ ਨਾਲ ਜੁੜੇ ਸੂਤਰਾਂ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਪਾਰਟੀ ਹਾਈ ਕਮਾਂਡ ਨੂੰ ਕੁਝ ਨਾਵਾਂ ਦਾ ਸੁਝਾਅ ਦਿੱਤਾ ਗਿਆ ਹੈ, ਪਰ ਹਾਈ ਕਮਾਂਡ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰੇਗੀ ਕਿ ਸਿੱਧੂ ਕੈਂਪ ਨਾਲ ਜੁੜੇ ਕੁਝ ਵਿਅਕਤੀਆਂ ਨੂੰ ਉੱਚ ਜਾਂ ਬਿਹਤਰ ਵਿਭਾਗ ਦਿੱਤੇ ਜਾਣ।


ਭਾਵੇਂ ਮੁੱਖ ਮੰਤਰੀ ਨੇ ਹਾਲੇ ਅਜਿਹਾ ਕੁਝ ਨਹੀਂ ਦੱਸਿਆ ਕਿ ਉਹ ਵਜ਼ਾਰਤੀ ਫੇਰ ਬਦਲ ’ਚ ਕੀ ਕਰਨ ਜਾ ਰਹੇ ਹਨ ਪਰ ਉਨ੍ਹਾਂ ਨੇ ਸਰਕਾਰ ਵਿੱਚ ਬਾਲਮੀਕੀ ਆਗੂ ਨੂੰ ਸ਼ਾਮਲ ਕਰਨ 'ਤੇ ਜ਼ੋਰ ਦਿੱਤਾ ਹੈ। ਜੋ ਨਾਮ ਚਰਚਾ ਵਿੱਚ ਹਨ, ਉਹ ਹਨ ਬਾਲਮੀਕੀ ਆਗੂ ਡਾ. ਰਾਜ ਕੁਮਾਰ ਵੇਰਕਾ, ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ, ਦਲਿਤ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ। ਦੋਆਬਾ ਦੇ ਇੱਕ ਹੋਰ ਵਿਧਾਇਕ ਦਾ ਨਾਂ ਵੀ ਚੱਲ ਰਿਹਾ ਹੈ।


ਪਾਰਟੀ ਵੱਲੋਂ ਕੈਬਨਿਟ ਦੇ ਫੇਰ-ਬਦਲ ਦੌਰਾਨ ਹਿੰਦੂ ਤੇ ਦਲਿਤ ਵੋਟ ਬੈਂਕ ਦੇ ਮੁੱਦੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਸੋਨੀਆ ਗਾਂਧੀ ਨਾਲ ਮੁੱਖ ਮੰਤਰੀ ਦੀ ਮੀਟਿੰਗ ਤੋਂ ਬਾਅਦ, ਸਿੱਧੂ ਕੈਂਪ ਵਿੱਚ ਮੰਤਰੀ ਤੇ ਵਿਧਾਇਕ ਵੀ ਆਉਣ ਵਾਲੇ ਦਿਨਾਂ ਵਿੱਚ ਨਵੀਂ ਦਿੱਲੀ ਵਿਖੇ ਹਾਈ ਕਮਾਂਡ ਮੁਲਾਕਾਤ ਕਰਨਗੇ।


ਪਤਾ ਲੱਗਾ ਹੈ ਕਿ ਪਾਰਟੀ ਪ੍ਰਧਾਨ ਨੂੰ ਮਿਲਣ ਲਈ ਪੰਜ ਮੰਤਰੀਆਂ ਤੇ ਛੇ ਵਿਧਾਇਕਾਂ (ਜੋ ਮੁੱਖ ਮੰਤਰੀ ਦੇ ਸਾਬਕਾ ਸਲਾਹਕਾਰ ਹਨ) ਵੱਲੋਂ ਮੰਗੀ ਗਈ ਨਿਯੁਕਤੀ ਦੀ ਹਾਲੇ ਪੁਸ਼ਟੀ ਨਹੀਂ ਹੋਈ। ਮੁੱਖ ਮੰਤਰੀ 'ਤੇ ਦਬਾਅ ਵਧਾਉਣ ਤੋਂ ਪਹਿਲਾਂ ਸਿੱਧੂ ਆਪਣੇ ਨੇੜਲੇ ਸਾਥੀ ਵਿਧਾਇਕਾਂ ਵਿੱਚ ਵਿਆਪਕ ਸਹਿਮਤੀ ਕਾਇਮ ਕਰਨ ਲਈ ਨਿਯਮਤ ਮੀਟਿੰਗਾਂ ਕਰ ਰਹੇ ਹਨ। ਪਤਾ ਚੱਲਿਆ ਹੈ ਕਿ ਸਿੱਧੂ ਕੁਝ ਦਿਨਾਂ ਵਿੱਚ ਪਾਰਟੀ ਦੇ ਸਾਰੇ ਵਿਧਾਇਕਾਂ ਨੂੰ ਮਿਲਣਗੇ।


ਇਹ ਵੀ ਪੜ੍ਹੋ: ਹੁਣ ਕੇਂਦਰੀ ਏਜੰਸੀਆਂ ਦੇ ਰਾਡਾਰ 'ਤੇ ਪੰਜਾਬ, ਸਰਹੱਦੀ ਜ਼ਿਲ੍ਹਿਆਂ 'ਚ ਪੂਰੀ ਸਖਤੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904