ਚੰਡੀਗੜ੍ਹ: ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਅਸਤੀਫ਼ੇ 'ਤੇ ਸਸਪੈਂਸ ਜਾਰੀ ਹੈ।ਇਸ ਵਿਚਾਲੇ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਉਹ ਸਿੱਧੂ ਨਾਲ ਅਸਤੀਫ਼ੇ ਮਗਰੋਂ ਪਹਿਲੀ ਬੈਠਕ ਕਰਨਗੇ।


ਹਰੀਸ਼ ਰਾਵਤ ਨੇ ਟਵੀਟ ਕਰ ਕਿਹਾ, "ਨਵਜੋਤ ਸਿੰਘ ਸਿੱਧੂ, ਪੰਜਾਬ ਕਾਂਗਰਸ ਪ੍ਰਧਾਨ ਮੈਨੂੰ ਅਤੇ ਵੇਣੂਗੋਪਾਲ ਜੀ ਨੂੰ 14 ਅਕਤੂਬਰ ਨੂੰ ਸ਼ਾਮ 6 ਵਜੇ ਵੇਣੂਗੋਪਾਲ ਜੀ ਦੇ ਦਫ਼ਤਰ ਵਿਖੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨਾਲ ਸਬੰਧਤ ਕੁਝ ਸੰਗਠਨਾਤਮਕ ਮਾਮਲਿਆਂ 'ਤੇ ਵਿਚਾਰ ਵਟਾਂਦਰੇ ਲਈ ਮਿਲਣਗੇ।"









ਇਸ ਵਿਚਾਲੇ ਇਹ ਵੀ ਚਰਚਾ ਹੈ ਕਿ ਰਾਵਤ ਸਿੱਧੂ ਦੇ ਅਸਤੀਫ਼ੇ 'ਤੇ ਵੀ ਚਰਚਾ ਕਰ ਸਕਦੇ ਹਨ।ਨਵਜੋਤ ਸਿੱਧੂ ਨੇ 28 ਸਤੰਬਰ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਅਹੁੱਦੇ ਤੋਂ ਅਚਾਨਕ ਅਸਤੀਫ਼ਾ ਦੇ ਦਿੱਤਾ ਸੀ।ਜਿਸ ਮਗਰੋਂ ਪੰਜਾਬ ਦੀ ਸਾਰੀ ਸਿਆਸਤ 'ਚ ਹਲਚੱਲ ਪੈਦਾ ਹੋ ਗਈ ਸੀ।ਉਨ੍ਹਾਂ ਨੇ ਆਪਣਾ ਅਸਤੀਫਾ ਪੱਤਰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਟਵਿੱਟਰ 'ਤੇ ਭੇਜਿਆ ਸੀ।


ਪਰ ਕਾਂਗਰਸ ਹਾਈਕਮਾਨ ਨੇ ਸਿੱਧੂ ਨੂੰ ਵਿੱਚ ਵਿਚਾਲੇ ਹੀ ਲਟਕਾ ਕੇ ਰੱਖਿਆ ਹੋਇਆ ਹੈ।ਕਾਂਗਰਸ ਹਾਈਕਮਾਨ ਨੇ ਨਾ ਤਾਂ ਨਵਜੋਤ ਸਿੱਧੂ ਦਾ ਅਸਤੀਫ਼ਾ ਮਨਜ਼ੂਰ ਕੀਤਾ ਹੈ ਅਤੇ ਨਾ ਹੀ ਨਾਮਨਜ਼ੂਰ ਕੀਤਾ ਹੈ।


ਸੋਨੀਆ ਗਾਂਧੀ ਨੂੰ ਲਿਖੇ ਆਪਣੇ ਪੱਤਰ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ, "ਮਨੁੱਖ ਦੇ ਚਰਿੱਤਰ ਦਾ ਪਤਨ ਸਮਝੌਤਿਆਂ ਤੋਂ ਹੁੰਦਾ ਹੈ। ਪੰਜਾਬ ਦੇ ਭਵਿੱਖ ਤੇ ਪੰਜਾਬ ਦੇ ਭਲੇ ਦੇ ਏਜੰਡੇ ਨਾਲ ਕਦੇ ਵੀ ਸਮਝੌਤਾ ਨਹੀਂ ਕੀਤਾ ਜਾ ਸਕਦਾ।" ਉਨ੍ਹਾਂ ਕਿਹਾ, "ਇਸ ਲਈ, ਮੈਂ ਇਸ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦਿੰਦਾ ਹਾਂ ਪਰ ਕਾਂਗਰਸ ਦੀ ਸੇਵਾ ਜਾਰੀ ਰੱਖਾਂਗਾ।"