ਚੰਡੀਗੜ੍ਹ : ਆਖਦੇ ਹਨ ਕਿ ਦੁਸ਼ਮਣੀ ਕਰੋ ਤਾਂ ਜੰਮ ਕੇ ਕਰੋ, ਪਰ ਖਿਆਲ ਰੱਖਿਓ ਕਿ ਜੇ ਕਦੇ ਦੋਸਤ ਬਣ ਜਾਈਏ ਤਾਂ ਸ਼ਰਮਿੰਦਾ ਨਾ ਹੋਣਾ ਪਵੇ। ਪੰਜਾਬ ਦੀ ਸਿਆਸਤ ਵਿੱਚ ਵੀ ਕੁੱਝ ਅਜਿਹਾ ਹੀ ਦੇਖਣ ਨੂੰ ਮਿਲਦਾ ਆ ਰਿਹਾ ਹੈ। ਇਸੇ ਤਰ੍ਹਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ 'ਤੇ ਕੀਤੇ ਗਏ ਸ਼ਬਦੀ ਹਮਲੇ 'ਤੇ ਹੁਣ ਪੰਜਾਬ ਕੈਬਨਿਟ ਦੇ ਮੰਤਰੀ ਵੀ ਸਾਹਮਣੇ ਆਏ ਹਨ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕਰਕੇ ਆਪਣੇ ਮੁੱਖ ਮੰਤਰੀ ਦਾ ਸਾਥ ਦਿੰਦਿਆਂ ਸੁਖਬੀਰ ਸਿੰਘ ਬਾਦਲ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ। ਹਰਜੋਤ ਸਿੰਘ ਬੈਂਸ ਨੇ ਆਪਣੇ ਟਵੀਟ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਵਾਂਗ ਦੱਸਿਆ ਹੈ। ਸਿੱਖਿਆ ਮੰਤਰੀ ਨੇ ਟਵੀਟ ਕਰਦੇ ਲਿਖਿਆ ਕਿ - ''ਸੁਖਬੀਰ ਸਿੰਘ ਬਾਦਲ ਜੀ, ਆਪਣੀ ਪਾਰਟੀ ਦਾ ਭੋਗ ਪਾਉਣ ਤੋਂ ਬਾਅਦ ਹਾਲੇ ਵੀ ਤੁਸੀਂ ਹੰਕਾਰ ਵਿੱਚ ਹੋ? ਮਹਾਰਾਜਾ ਰਣਜੀਤ ਸਿੰਘ ਜੀ ਤੋਂ ਬਾਅਦ ਭਗਵੰਤ ਮਾਨ ਜੀ ਸਭ ਤੋ ਵੱਧ ਪਸੰਦ ਕੀਤੇ ਜਾਣ ਵਾਲੇ ਨੇਤਾ ਹਨ। ਤੁਸੀਂ ਸ. ਮਾਨ ਜੀ ਨੂੰ ਮੰਦਾ ਨਹੀਂ ਬੋਲਿਆ ਸਗੋਂ ਪੰਜਾਬ ਦੇ ਲੋਕਾਂ ਦਾ ਨਿਰਾਦਰ ਕੀਤਾ ਹੈ ਜੋ ਤੁਹਾਨੂੰ ਕਦੇ ਵੀ ਮੁਆਫ਼ ਨਹੀਂ ਕਰਨਗੇ।''



 


ਦਰਅਸਲ ਅੱਜ ਸਵੇਰੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਟਵਿੱਟਰ ਹੈਂਡਲ 'ਤੇ ਸੁਖਬੀਰ ਬਾਦਲ ਦੀ ਇੱਕ ਵੀਡੀਓ ਸ਼ੇਅਰ ਕੀਤੀ ਸੀ। ਜਿਸ ਵਿੱਚ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਲਈ 'ਪਾਗਲ' ਸ਼ਬਦ ਵਰਤਿਆ ਹੈ। ਇਸ ਵੀਡੀਓ ਦਾ ਜਵਾਬ ਦਿੰਦੇ ਹੋਏ ਭਗਵੰਤ ਮਾਨ ਨੇ ਲਿਖਿਆ ਕਿ -  ''ਆਹ ਦੇਖੋ ਪੰਜਾਬੀਓ..ਇਹਨਾਂ ਦੀ ਬੌਖਲਾਹਟ ਜਾਂ ਦਿਮਾਗੀ ਸੰਤੁਲਨ ਖਰਾਬ.. ਬਾਦਲ ਵੀ ਸਾਹਬ ..ਬਰਨਾਲਾ ਵੀ ਸਾਹਬ...ਬੇਅੰਤ ਸਿੰਘ ਵੀ ਤੇ ਕੈਪਟਨ ਵੀ ਸਾਹਬ..ਮੈਨੂੰ “ਪਾਗਲ ਜਿਹਾ” …ਕੋਈ ਗੱਲ ਨੀ ਸੁਖਬੀਰ ਸਿੰਘ ਜੀ ਮੇਰੇ ਨਾਲ ਕੁਦਰਤ ਐ ..ਮੇਰੇ ਨਾਲ ਲੋਕ ਨੇ ..ਘੱਟੋ-ਘੱਟ ਇਹ ਪਾਗਲ ਜਿਹਾ ਪੰਜਾਬ ਨੂੰ ਲੁੱਟਦਾ ਨਹੀਂ ਤੁਹਾਡੇ ਵਾਂਗ…''




ਪੰਜਾਬ ਦੀ ਸਿਆਸਤ ਵਿੱਚ ਅਜਿਹਾ ਪਹਿਲੀ ਵਾਰ ਨਹੀਂ ਦੇਖਣ ਨੂੰ ਮਿਲਿਆ ਕਿ ਵਿਰੋਧੀਆਂ ਨੇ ਇੱਕ ਦੂਜੇ 'ਤੇ ਹਮਲਾ ਕਰਨ ਲਈ ਸ਼ਬਦਾਂ ਦੀ ਮਰਿਆਦਾ ਦਾ ਖਿਆਲ ਨਾ ਰੱਖਿਆ ਹੋਵੇ। ਇਸ ਤੋਂ ਪਹਿਲਾਂ ਵੀ ਕਈ ਅਜਿਹੇ ਲੀਡਰ ਹੈ ਜਿਹੜੇ ਇੱਕ ਦੂਸਰੇ 'ਤੇ ਨਿੱਜੀ ਹਮਲੇ ਵੀ ਕਰ ਚੁੱਕੇ ਹਨ। ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਮਜੀਠੀਆ ਨੂੰ ਹੀ ਤੁਸੀਂ ਦੇਖ ਲਵੋਂ। ਇਹ ਦੋਵੇਂ ਲੀਡਰ ਇੱਕ ਦੂਜੇ ਦੇ ਕੱਟੜ ਵਿਰੋਧੀ ਸਨ ਤੇ ਅੱਜ ਦੋਵਾਂ ਨੇ ਆਪਣੇ ਸਾਰੇ ਪੁਰਾਣੇ ਝਗੜੇ ਦੂਰ ਕਰਕੇ ਜੱਫੀ ਪਾ ਲਈ ਹੈ।