ਚੰਡੀਗੜ੍ਹ : ਆਮ ਆਦਮੀ ਪਾਰਟੀ ਵੱਲੋਂ ਪਿਛਲੇ ਸਾਲਾਂ ਦੌਰਾਨ ਹੋਏ ਘੁਟਾਲਿਆਂ ਦੀ ਜਾਂਚ ਕਰਵਾਈ ਜਾ ਰਹੀ ਹੈ ਤੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਸਰਕਾਰ ਦਾ ਦਾਅਵਾ ਹੈ ਕਿ ਰੋਪੜ ਤੇ ਆਨੰਦਪੁਰ ਸਾਹਿਬ ਇਲਾਕੇ ਵਿੱਚ ਵਿੱਚ ਹੋਈ ਗੈਰ ਮਾਈਨਿੰਗ ਵਿੱਚ ਸਾਬਕਾ ਸਪੀਕਰ ਰਾਣਾ ਕੇ ਪੀ ਸਿੰਘ ਤੇ ਉਸ ਦੇ ਨਜ਼ਦੀਕੀਆਂ ਦਾ ਹੱਥ ਸੀ। ਰਾਣਾ ਕੇ.ਪੀ ਸਿੰਘ ਦੇ ਰਿਸ਼ਤੇਦਾਰਾਂ ਵੱਲੋਂ ਕਾਂਗਰਸ ਸਰਕਾਰ ਦੌਰਾਨ ਕਈ ਕਰੱਸ਼ਰ ਚਲਾਏ ਜਾਂਦੇ ਸਨ ,ਜੋ ਕਿ ਸਵਾਲਾਂ ਦੇ ਘੇਰੇ ਵਿੱਚ ਸਨ। ਜਿਸ ਨੂੰ ਲੈ ਕੇ ਮਾਈਨਿੰਗ ਮੰਤਰੀ ਹਰਜੋਤ ਬੈਂਸ ਵੱਲੋਂ ਇਸ ਦੇ ਜਾਂਚ ਦੇ ਹੁਕਮ ਦਿੱਤੇ ਗਏ ਹਨ।

 

ਪੰਜਾਬ ਦੇ ਮਾਈਨਿੰਗ ਮੰਤਰੀ ਹਰਜੋਤ ਸਿੰਘ ਬੈਂਸ ਨੇ ਵਿਜੀਲੈਂਸ ਬਿਊਰੋ (ਵੀਬੀ) ਨੂੰ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਗੈਰ-ਕਾਨੂੰਨੀ ਮਾਈਨਿੰਗ ਵਿੱਚ ਤਤਕਾਲੀ ਵਿਧਾਨ ਸਭਾ ਸਪੀਕਰ ਅਤੇ ਸੀਨੀਅਰ ਕਾਂਗਰਸੀ ਆਗੂ ਰਾਣਾ ਕੇਪੀ ਸਿੰਘ ਦੀ ਕਥਿਤ ਸ਼ਮੂਲੀਅਤ ਦੀ ਜਾਂਚ ਕਰਨ ਦਾ ਆਦੇਸ਼ ਦਿੱਤਾ ਹੈ।ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੀ ਇੱਕ ਕਮੇਟੀ ਸਮਾਂਬੱਧ ਤਰੀਕੇ ਨਾਲ ਸਮਾਂਤਰ ਜਾਂਚ ਕਰੇਗੀ।

 

ਬੈਂਸ ਨੇ ਦਾਅਵਾ ਕੀਤਾ ਕਿ ਸੀਬੀਆਈ ਨੇ ਪਿਛਲੇ ਸਾਲ ਜੁਲਾਈ ਵਿੱਚ ਸੂਬੇ ਦੇ ਮੁੱਖ ਸਕੱਤਰ ਨੂੰ ਸਾਬਕਾ ਸਪੀਕਰ ਦੀ ਭੂਮਿਕਾ ਦੀ ਜਾਂਚ ਕਰਨ ਲਈ ਕਿਹਾ ਸੀ, ਪਰ ਉਨ੍ਹਾਂ ਦੀ ਪਾਰਟੀ ਸੱਤਾ ਵਿੱਚ ਹੋਣ ਕਾਰਨ ਮਾਮਲੇ ਨੂੰ ਦਬਾ ਦਿੱਤਾ ਗਿਆ ਸੀ। VB ਨੂੰ ਲਿਖੇ ਇੱਕ ਪੱਤਰ ਵਿੱਚ, ਮੰਤਰੀ ਨੇ ਕਿਹਾ, "ਮੁਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਕੇਪੀ ਦੇ 'ਸਹਾਇਕਾਂ' ਦੁਆਰਾ ਰੋਪੜ ਅਤੇ ਅਨੰਦਪੁਰ ਸਾਹਿਬ ਵਿੱਚ ਕਰੱਸ਼ਰ ਮਾਲਕਾਂ ਤੋਂ ਲੱਖਾਂ ਰੁਪਏ ਦੀ ਮਹੀਨਾਵਾਰ ਅਦਾਇਗੀ ਪ੍ਰੋਟੈਕਸ਼ਨ ਮਨੀ ਵਜੋਂ ਇਕੱਠੀ ਕੀਤੀ ਗਈ ਸੀ। ਅਧਿਕਾਰੀਆਂ ਨੇ ਆਪਣੇ ਬਿਆਨ ਵਿੱਚ ਉਨ੍ਹਾਂ ਦਾ ਨਾਂ ਲਿਆ ਹੈ। 

 

ਜ਼ਿਕਰਯੋਗ ਹੈ ਕਿ ਬੀਤੇ ਸਾਲ ਜੁਲਾਈ ਵਿੱਚ ਸੀਬੀਆਈ ਵੱਲੋਂ ਗੈਰ ਕਾਨੂੰਨੀ ਮਾਈਨਿੰਗ ਨੂੰ ਲੈ ਕੇ ਜਾਂਚ ਦੀ ਮੰਗ ਕੀਤੀ ਗਈ ਸੀ। ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਸੀਬੀਆਈ ਵੱਲੋਂ ਪਿਛਲੇ ਸਾਲ ਚੀਫ ਸੈਕਟਰੀ ਨੂੰ ਗੈਰ ਕਾਨੂੰਨੀ ਮਾਈਨਿੰਗ ਵਿੱਚ ਰਾਣਾ ਕੇ ਪੀ ਸਿੰਘ ਦੀ ਸ਼ਮੂਲੀਅਤ ਹੋਣ ਬਾਰੇ ਪੱਤਰ ਭੇਜਿਆ ਸੀ ਪਰ ਸੱਤਾ ਵਿੱਚ ਹੋਣ ਕਾਰਨ ਜਾਂਚ ਦੀ ਬਜਾਇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ।


ਦੱਸ ਦੇਈਏ ਕਿ ਰਾਣਾ ਕੇ ਪੀ ਸਿੰਘ ਤੋਂ ਵਿਜੀਲੈਂਸ ਤੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਵੱਲੋਂ ਪੁੱਛਗਿੱਛ ਕੀਤੀ ਜਾਵੇਗੀ। ਗੈਰ ਕਾਨੂੰਨੀ ਮਾਈਨਿੰਗ ਤੋਂ ਇਲਾਵਾ ਰਾਣਾ ਕੇ ਪੀ ਸਿੰਘ ਤੋਂ ਆਮਦਨ ਤੋਂ ਜ਼ਿਆਦਾ ਜ਼ਾਇਦਾਦ ਹੋਣ ਨੂੰ ਲੈ ਕੇ ਵੀ ਜਾਂਚ ਕੀਤੀ ਜਾਵੇਗੀ। ਓਧਰ ਰਾਣਾ ਕੇਪੀ ਨੇ ਕਿਹਾ ਕਿ ਇਹ ਸਿਆਸੀ ਬਦਲਾਖੋਰੀ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਉਨ੍ਹਾਂ ਕਿਹਾ, ''ਬੈਂਸ ਦੀ ਮੇਰੇ ਨਾਲ ਨਿੱਜੀ ਦੁਸ਼ਮਣੀ ਹੈ।