ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਫਰੈਂਕਫਰਟ ਏਅਰਪੋਰਟ 'ਤੇ ਨਸ਼ੇ 'ਚ ਹੋਣ ਕਾਰਨ ਜਹਾਜ਼ 'ਚੋਂ ਉਤਰਨ ਦੇ ਮਾਮਲੇ ਵਿੱਚ 'ਆਪ' ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਦਾ ਬਚਾਅ ਕੀਤਾ ਹੈ। ਕੇਜਰੀਵਾਲ ਨੇ ਕਿਹਾ ਕਿ ਭਗਵੰਤ ਮਾਨ ਦਾ ਕੰਮ ਬੋਲਦਾ ਹੈ, ਵਿਰੋਧੀ ਉਸ 'ਤੇ ਚਿੱਕੜ ਸੁੱਟਣ ਦਾ ਕੰਮ ਕਰਕੇ ਝੂਠ ਬੋਲ ਰਹੇ ਹਨ। ਕਿਉਂਕਿ ਵਿਰੋਧੀ ਧਿਰ ਮਾਨ ਦੇ ਕੰਮ ਵਿਚ ਕੋਈ ਕਮੀ ਨਹੀਂ ਲੱਭ ਪਾ ਰਹੀ ਹੈ।
ਵਡੋਦਰਾ 'ਚ ਕੇਜਰੀਵਾਲ ਨੇ ਕਿਹਾ ਕਿ ਭਗਵੰਤ ਮਾਨ ਨੇ ਜੋ ਕੰਮ ਪਿਛਲੇ 6 ਮਹੀਨਿਆਂ 'ਚ ਕੀਤਾ ਹੈ, ਉਹ ਪਿਛਲੇ 75 ਸਾਲਾਂ 'ਚ ਪੰਜਾਬ ਦੀ ਕਿਸੇ ਸਰਕਾਰ ਨੇ ਨਹੀਂ ਕੀਤਾ। ਪੰਜਾਬ ਦਾ ਇੱਕ ਇਮਾਨਦਾਰ ਅਤੇ ਮਿਹਨਤੀ ਮੁੱਖ ਮੰਤਰੀ ਹੈ। ਵਿਰੋਧੀ ਧਿਰ ਮਾਨ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਜਨਤਾ ਦੇਖ ਰਹੀ ਹੈ। ਇਸ ਦੇ ਨਾਲ ਹੀ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੇ ਕਿਹਾ ਹੈ ਕਿ ਉਹ ਮਾਮਲੇ ਦੀ ਜਾਂਚ ਕਰਵਾਉਣਗੇ।
ਘਟਨਾ ਵਿਦੇਸ਼ 'ਚ ਹੋਈ ਹੈ, ਇਸ ਲਈ ਤੱਥਾਂ ਦੀ ਜਾਂਚ ਜ਼ਰੂਰੀ ਹੈ। ਜ਼ਿਕਰਯੋਗ ਹੈ ਕਿ ਵਿਰੋਧੀ ਧਿਰ ਦੇ ਨੇਤਾਵਾਂ ਨੇ ਭਗਵੰਤ ਮਾਨ 'ਤੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੂੰ ਨਸ਼ੇ 'ਚ ਹੋਣ ਕਾਰਨ ਜਹਾਜ਼ ਤੋਂ ਉਤਾਰਿਆ ਗਿਆ ਹੈ। ਆਮ ਆਦਮੀ ਪਾਰਟੀ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਹੈ। ਸੋਮਵਾਰ ਨੂੰ ਫਰੈਂਕਫਰਟ ਤੋਂ ਦਿੱਲੀ ਆਉਣ ਵਾਲੀ ਲੁਫਥਾਂਸਾ ਦੀ ਫਲਾਈਟ ਨੂੰ ਉਡਾਣ ਭਰਨ 'ਚ ਸੀਐੱਮ ਭਗਵੰਤ ਮਾਨ ਦੇ ਨਸ਼ੇ 'ਚ ਹੋਣ ਕਾਰਨ ਦੇਰੀ ਹੋਈ ਸੀ।
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਮਾਨ ਨੇ ਪੰਜਾਬ ਅਤੇ ਪੰਜਾਬੀਆਂ ਦਾ ਸਿਰ ਸ਼ਰਮ ਨਾਲ ਝੁਕਾ ਦਿੱਤਾ ਹੈ। ਬਾਜਵਾ ਨੇ ਕੇਂਦਰੀ ਮੰਤਰੀ ਸਿੰਧੀਆ ਨੂੰ ਲੁਫਥਾਂਸਾ ਏਅਰਲਾਈਨਜ਼ ਤੋਂ ਜਾਣਕਾਰੀ ਲੈ ਕੇ ਉਸਨੂੰ ਜਨਤਕ ਕਰਨ ਦੀ ਅਪੀਲ ਕੀਤੀ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।