ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਰੋਜ਼ਾਨਾ ਨਵਜੋਤ ਸਿੱਧੂ ਖਿਲਾਫ ਬਿਆਨਬਾਜ਼ੀ ਕਰ ਰਹੇ ਹਨ। ਅੱਜ ਇਕ ਵਾਰ ਫਿਰ ਉਨ੍ਹਾਂ ਇਲਜ਼ਾਮ ਲਾਇਆ ਹੈ ਕਿ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਗਿਰਗਟ ਤੋਂ ਵੀ ਤੇਜ਼ ਰੰਗ ਬਦਲ ਰਹੇ ਹਨ।
ਚੀਮਾ ਨੇ ਕਿਹਾ ਸਿੱਧੂ ਉਨ੍ਹਾਂ ਕਾਂਗਰਸੀ ਮੰਤਰੀਆਂ ਤੇ ਵਿਧਾਇਕਾਂ ਨਾਲ ਜੱਫੀਆ ਪਾ ਰਹੇ ਹਨ, ਜਿਨ੍ਹਾਂ 'ਤੇ ਪੰਜਾਬ ਦੇ ਲੋਕ ਮਾਫੀਆ ਰਾਜ ਚਲਾਉਣ ਦੇ ਇਲਜ਼ਾਮ ਲਾ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਪੰਜਾਬ ਨੂੰ ਲੁੱਟਣ ਅਤੇ ਕੁੱਟਣ ਵਾਲੇ ਮੰਤਰੀਆਂ ਅਤੇ ਵਿਧਾਇਕਾਂ ਖਲਿਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਹਰਪਾਲ ਸਿੰਘ ਚੀਮਾ ਨੇ ਨਵਜੋਤ ਸਿੱਧੂ 'ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਸਿੱਧੂ ਦੋਹਰੇ ਚਰਿੱਤਰ ਤੇ ਦੋਹਰੇ ਸਟੈਂਡ ਦਾ ਮਾਲਕ ਹੈ, ਜੋ ਪਹਿਲਾਂ ਰੇਤ, ਸ਼ਰਾਬ, ਟਰਾਂਸਪੋਰਟ, ਜ਼ਮੀਨ ਆਦਿ ਮਾਫੀਆ ਰਾਜ ਖਤਮ ਕਰਨ ਦੀਆਂ ਟਾਹਰਾ ਮਾਰਦਾ ਸੀ, ਹੁਣ ਉਸੇ ਮਾਫੀਆ ਰਾਜ ਨੂੰ ਚਲਾਉਣ ਵਾਲੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਘਰ-ਘਰ ਜਾ ਮਿਲ ਰਹੇ ਹਨ ਅਤੇ ਉਨ੍ਹਾਂ ਨਾਲ ਸਟੇਜਾਂ ਸਾਂਝੀਆਂ ਕਰ ਰਹੇ ਹਨ।
ਚੀਮਾ ਨੇ ਕਿਹਾ ਕਿ ਸਾਫ ਪ੍ਰਤੀਤ ਹੁੰਦਾ ਕਿ ਮਾਫੀਆ ਨੇ ਨਵਜੋਤ ਸਿੱਧੂ ਦੀ ਜ਼ੁਬਾਨ 'ਤੇ ਲਗਾਮ ਲਾ ਦਿੱਤੀ ਹੈ ਕਿਉਂਕਿ ਪੰਜਾਬ ਨੂੰ ਲੁੱਟਣ ਤੇ ਕੁੱਟਣ ਵਾਲੇ ਮਾਫੀਆ ਕੋਲੋਂ ਜੋ ਹਿੱਸਾ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਰਿਹਾ ਸੀ, ਉਹ ਹਿੱਸਾ ਹੁਣ ਨਵਜੋਤ ਸਿੱਧੂ ਨੇ ਲੈਣਾ ਸ਼ੁਰੂ ਕਰ ਦਿੱਤਾ ਹੈ।
ਵਿਰੋਧੀ ਧਿਰ ਦੇ ਆਗੂ ਨੇ ਕਿਹਾ ਪੰਜਾਬ 'ਚ ਜਿਹੜਾ ਮਾਫੀਆ ਰਾਜ ਬਾਦਲਾਂ ਨੇ ਸਥਾਪਤ ਕੀਤਾ ਸੀ, ਉਸੇ ਨੂੰ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚਾਲੂ ਰੱਖਿਆ ਅਤੇ ਹੁਣ ਨਵਜੋਤ ਸਿੱਧੂ ਵੀ ਨਜਾਇਜ਼ ਸ਼ਰਾਬ, ਰੇਤ ਅਤੇ ਜ਼ਮੀਨ ਮਾਫੀਆ ਸਰਗਣੇ ਵਿਧਾਇਕਾਂ, ਮੰਤਰੀਆਂ ਨਾਲ ਹੋ ਤੁਰੇ ਹਨ
ਚੀਮਾ ਨੇ ਕਿਹਾ ਕਿ 1992 ਤੋਂ ਪੰਜਾਬ ਵਿੱਚ ਰਾਜ ਕਰਨ ਵਾਲੀਆਂ ਸਰਕਾਰਾਂ ਨੇ ਮਾਫੀਆ ਰਾਜ ਸਥਾਪਤ ਕਰਕੇ ਪੰਜਾਬ ਨੂੰ ਤਿੰਨ ਲੱਖ ਕਰੋੜ ਰੁਪਏ ਦੇ ਕਰਜ਼ੇ ਵਿੱਚ ਡੋਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਾਝਾ ਖੇਤਰ ਵਿਚ ਨਕਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਸਮੇਂ ਨਵਜੋਤ ਸਿੰਘ ਸਿੱਧੂ ਬਾਹਾਂ ਉਲਾਰ ਕੇ ਉਨ੍ਹਾਂ ਨੂੰ ਇਨਸਾਫ ਦਿਵਾਉਣ ਦੀਆਂ ਗੱਲਾਂ ਕਰਦੇ ਸਨ ਪ੍ਰੰਤੂ ਅੱਜ ਉਸ ਹੀ ਸ਼ਰਾਬ ਮਾਫੀਆ ਦੀ ਗੋਦੀ ਵਿੱਚ ਜਾ ਕੇ ਬੈਠ ਗਏ ਹਨ। ਉਨ੍ਹਾਂ ਕਿਹਾ ਕਿ ਸ਼ਰਾਬ ਮਾਫੀਆ ਨਾਲ ਨੇੜਤਾ ਬਣਾ ਕੇ ਸਿੱਧੂ ਨੇ ਸ਼ਰਾਬ ਕਾਂਡ ਦੇ ਪੀੜਤਾਂ ਦੇ ਹਿਰਦੇ ਵਲੂੰਧਰੇ ਹਨ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਸ਼ਰਾਬ, ਜ਼ਮੀਨ, ਰੇਤ, ਟਰਾਂਸਪੋਰਟ ਅਤੇ ਕੇਬਲ ਮਾਫੀਆ ਵਿੱਚ ਸ਼ਾਮਲ ਮੰਤਰੀਆਂ, ਵਿਧਾਇਕਾਂ ਅਤੇ ਹੋਰਨਾਂ ਖਿਲਾਫ ਕਾਨੂੰਨੀ ਕਰਵਾਈ ਕੀਤੀ ਜਾਵੇਗੀ ਅਤੇ ਪੰਜਾਬ ਨੂੰ ਬਰਬਾਦ ਕਰਨ ਵਾਲਿਆਂ ਦਾ ਕੱਚਾ ਚਿੱਠਾ ਲੋਕਾਂ ਅੱਗੇ ਰੱਖਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਸਮਝ ਚੁੱਕੇ ਹਨ ਇਹ ਸਾਰਾ ਮਾਫ਼ੀਆ ਅਕਾਲੀ ਅਤੇ ਕਾਂਗਰਸੀ ਰਲ ਮਿਲ ਕੇ ਚਲਾ ਰਹੇ ਹਨ ਅਤੇ ਸਿਰਫ਼ ਚਿਹਰੇ ਹੀ ਬਦਲਦੇ ਹਨ ਜਦਕਿ ਉਨ੍ਹਾਂ ਦੇ ਕਾਰਜ ਉਹ ਹੀ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਵੀ ਬਾਕੀ ਅਕਾਲੀਆਂ ਅਤੇ ਕਾਂਗਰਸੀਆਂ ਵਾਂਗ ਹੀ ਮਾਫੀਆ ਦਾ ਹਿੱਸਾ ਹਨ ਜਦੋਂ ਕਿ ਪਹਿਲਾਂ ਉਹ ਸੱਚੇ ਹੋਣ ਦਾ ਮਖੌਟਾ ਪਾ ਕੇ ਘੁੰਮ ਰਹੇ ਸਨ।