ਚੰਡੀਗੜ੍ਹ: ਆਮ ਆਦਮੀ ਪਾਰਟੀ ਵਿੱਚ ਟਿਕਟ ਦੀ ਵੰਡ ਨੂੰ ਲੈ ਕੇ ਸਵਾਲ ਉੱਠੇ ਹਨ। ਇਸ ਦਾ ਜਵਾਬ ਦਿੰਦਿਆਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਕਿਹਾ ਹੈ ਕਿ ਜਿਹੜੇ ਲੋਕ ਅੱਜ ਪਾਰਟੀ 'ਤੇ ਪੈਸੇ ਲੈ ਕੇ ਟਿਕਟਾਂ ਵੇਚਣ ਦਾ ਇਲਜ਼ਾਮ ਲਾ ਰਹੇ ਹਨ, ਉਨ੍ਹਾਂ ਨੂੰ ਕੱਲ੍ਹ ਤੱਕ ਪਾਰਟੀ ਚੰਗੀ ਲੱਗ ਰਹੀ ਸੀ, ਪਰ ਅੱਜ ਪਾਰਟੀ ਚੰਗੀ ਨਹੀਂ ਲੱਗ ਰਹੀ।


ਉਨ੍ਹਾਂ ਦਾਅਵਾ ਕੀਤਾ ਹੈ ਕਿ ਜਿਨ੍ਹਾਂ ਨੂੰ ਵੀ ਟਿਕਟਾਂ ਦਿੱਤੀਆਂ ਗਈਆਂ ਹਨ, ਉਨ੍ਹਾਂ ਨੂੰ ਹਰ ਪੱਖ ਦਾ ਪੂਰਾ ਧਿਆਨ ਰੱਖ ਕੇ ਟਿਕਟਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜੋ ਵੀ ਦੋਸ਼ ਲਾਏ ਜਾ ਰਹੇ ਹਨ, ਉਹ ਝੂਠੇ ਹਨ ਤੇ ਇਸ ਵਿੱਚ ਕੋਈ ਸੱਚਾਈ ਨਹੀਂ ਹੈ। ਚੀਮਾ ਨੇ ਕਿਹਾ ਕਿ ਜਿਨ੍ਹਾਂ ਨੂੰ ਟਿਕਟਾਂ ਨਹੀਂ ਮਿਲੀਆਂ, ਉਹ ਇਸ ਕਾਰਨ ਦੋਸ਼ ਲਾ ਰਹੇ ਹਨ। ਸਾਰੇ ਲੋਕਾਂ ਨੂੰ ਉਨ੍ਹਾਂ ਦੀ ਯੋਗਤਾ ਦੇ ਆਧਾਰ 'ਤੇ ਟਿਕਟਾਂ ਦਿੱਤੀਆਂ ਗਈਆਂ ਹਨ।


ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਇਲਜ਼ਾਮਾਂ ਬਾਰੇ ਉਨ੍ਹਾਂ ਕਿਹਾ ਕਿ ਜਿਹੜੇ ਵਿਰੋਧੀ ਟਿਕਟਾਂ ਵੇਚਣ ਦਾ ਦੋਸ਼ ਲਾ ਰਹੇ ਹਨ, ਉਹ ਤਾਂ ਵਿਰੋਧੀਆਂ ਦਾ ਕੰਮ ਹੀ ਹੁੰਦਾ ਹੈ। ਵਿਰੋਧੀਆਂ ਦਾ ਕੰਮ ਪਾਰਟੀਆਂ 'ਤੇ ਦੋਸ਼ ਲਾਉਣਾ ਹੀ ਹੈ।


ਦੱਸ ਦਈਏ ਕਿ ਆਮ ਆਦਮੀ ਪਾਰਟੀ 'ਆਪ' ਵਿੱਚ ਟਿਕਟ ਵੰਡ ਨੂੰ ਲੈ ਕੇ ਨਵੀਂ ਚਰਚਾ ਛਿੜ ਗਈ ਹੈ। ਪਾਰਟੀ ਦੇ ਯੂਥ ਲੀਡਰ ਗੁਰਤੇਜ ਸਿੰਘ ਪੰਨੂ ਨੇ ਇਲਜ਼ਾਮ ਲਾਇਆ ਹੈ ਕਿ ਬਾਹਰੋਂ ਉਮੀਦਵਾਰ ਲਿਆ ਕੇ ਟਿਕਟ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਹੈ ਕਿ ਜੋ ਲੋਕ ਬਾਹਰੋਂ ਆ ਰਹੇ ਹਨ, ਕੀ ਉਹ ਹੁਣ ਦੁੱਧ ਧੋਤੇ ਹੋ ਗਏ ਹਨ।


ਉਨ੍ਹਾਂ ਸਵਾਲ ਉਠਾਇਆ ਹੈ ਕਿ ਪਾਰਟੀ ਦੇ ਆਮ ਵਰਕਰ ਨੂੰ ਸੀਟ ਕਿਉਂ ਨਹੀਂ ਦਿੱਤੀ ਜਾ ਰਹੀ। ਅੱਜ ਵੱਡੇ-ਵੱਡੇ ਲੀਡਰ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਤੇ ਪੈਸੇ ਦਿੱਤੇ ਅੱਜ ਉਨ੍ਹਾਂ ਨੂੰ ਪਾਰਟੀ ਟਿਕਟ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਕੁਲਵੰਤ ਸਿੰਘ ਜਿਸ ਨੂੰ ਮੁਹਾਲੀ ਤੋਂ ਟਿਕਟ ਦਿੱਤੀ ਹੈ, ਉਹ ਹਰ ਪਾਰਟੀ ਨਾਲ ਕੰਮ ਕਰ ਚੁੱਕਾ ਹੈ। ਹੁਣ ਆਮ ਆਦਮੀ ਪਾਰਟੀ ਨੇ ਉਸ ਨੂੰ ਸੀਟ ਦੇ ਦਿੱਤੀ ਹੈ।



ਇਹ ਵੀ ਪੜ੍ਹੋ: Punjab Election: ਆਮ ਆਦਮੀ ਪਾਰਟੀ 'ਚ ਟਿਕਟਾਂ ਨੂੰ ਲੈ ਕੇ ਛਿੜੀ ਜੰਗ, ਦੂਜੀਆਂ ਪਾਰਟੀਆਂ ਤੋਂ ਆਇਆਂ ਨੂੰ ਵੰਡੀਆਂ ਟਿਕਟਾਂ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904