ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਵਿਰੋਧੀ ਧਿਰ ਦੇ ਲੀਡਰ ਹਰਪਾਲ ਚੀਮਾ ਨੇ ਕਾਂਗਰਸ ਤੇ ਵੱਡਾ ਇਲਜ਼ਾਮ ਲਾਇਆ ਹੈ। ਉਨ੍ਹਾਂ ਕਿਹਾ ਪੰਜਾਬ 'ਚ ਨਸ਼ਾ ਮਾਫ਼ੀਆ ਬੇਲਗਾਮ ਹੋ ਗਿਆ ਹੈ ਕਿਉਂਕਿ ਨਸ਼ਾ ਸਮੱਗਲਰਾਂ ਨੂੰ ਕਾਂਗਰਸੀ ਆਗੂਆਂ ਦੀ ਸ਼ਹਿ ਮਿਲ ਰਹੀ ਹੈ।
ਚੀਮਾ ਨੇ ਕਿਹਾ ਜਿਹੜੇ ਨਸ਼ਾ ਸਮੱਗਲਰਾਂ ਨੂੰ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਪ੍ਰਸਤੀ ਸੀ, ਹੁਣ ਉਨ੍ਹਾਂ ਨਸ਼ਾ ਸਮਗਲਰਾਂ ਲਈ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੱਧੂ ਦਾ ਦਿਲ ਵੀ ਧੜਕਣ ਲੱਗਾ ਹੈ।
ਚੀਮਾ ਨੇ ਮੁੱਖ ਮੰਤਰੀ ਨੂੰ ਪੁੱਛਿਆ, ‘ਕੀ ਕਾਂਗਰਸ ਸਰਕਾਰ ਨਸ਼ਾ ਸਮੱਗਲਰਾਂ ਦੀ ਪੁਸ਼ਤਪਨਾਹੀ ਕਰ ਰਹੀ ਹੈ ਜਾਂ ਸਰਕਾਰ ਦੇ ਨੁਮਾਇੰਦੇ ਹੀ ਇਸ ਕਾਲੇ ਖੇਡ ਵਿੱਚ ਸ਼ਾਮਲ ਹਨ? ਚੀਮਾ ਨੇ ਇਲਜ਼ਾਮ ਲਾਇਆ ਕਿ ਕਾਂਗਰਸ ਸੂਬਾ ਪ੍ਰਧਾਨ ਨਵਜੋਤ ਸਿੱਧੂ ਦਾ ਦਿਲ ਹੁਣ ਨਜਾਇਜ ਸ਼ਰਾਬ ਬਣਾਉਣ ਅਤੇ ਤਸਕਰੀ ਕਾਂਡ ਦੇ ਦੋਸ਼ੀ ਕਾਂਗਰਸੀ ਆਗੂਆਂ ਲਈ ਧੜਕਣ ਲੱਗਾ ਹੈ। ਜਦਕਿ ਪਹਿਲਾਂ ਨਵਜੋਤ ਸਿੱਧੂ ਸੂਬੇ ਵਿੱਚ ਨਸ਼ਾ ਸਮੱਗਲਰਾਂ ਖ਼ਿਲਾਫ਼ ਕੋਈ ਕਾਰਵਾਈ ਨਾ ਹੋਣ ਦੀਆਂ ਦੁਹਾਈਆਂ ਪਾਉਂਦੇ ਹੁੰਦੇ ਸਨ।
ਉਨ੍ਹਾਂ ਸਵਾਲ ਕੀਤਾ, ‘ਨਸ਼ਾ ਮਾਫ਼ੀਆ ਕੋਲੋ ਜੋ ਹਿੱਸਾ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਰਿਹਾ ਸੀ, ਕੀ ਉਹ ਹਿੱਸਾ ਹੁਣ ਨਵਜੋਤ ਸਿੱਧੂ ਲੈ ਰਹੇ ਹਨ?’ ਨਵਜੋਤ ਸਿੱਧੂ ਨੂੰ ਸਪੱਸ਼ਟ ਕਰਨਾ ਚਾਹੀਦਾ ਕਿ ਉਨ੍ਹਾਂ ਦੇ ਨਸ਼ਾ ਤਸਕਰੀ ਅਤੇ ਸ਼ਰਾਬ ਮਾਮਲਿਆਂ ਬਾਰੇ ਪਹਿਲੇ ਬਿਆਨ ਸੱਚ ਸਨ ਜਾਂ ਹੁਣ ਵਾਲੇ ਕੰਮ ਠੀਕ ਹਨ।
ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਨਿਸ਼ਾਨੇ ਲਾਉਂਦਿਆਂ ਕਿਹਾ ਕਿ ਸ਼੍ਰੀ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਵੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿਚੋਂ ਨਸ਼ਾ ਮਾਫ਼ੀਆ ਖ਼ਤਮ ਨਹੀਂ ਕੀਤਾ, ਸਗੋਂ ਹੁਣ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੱਧੂ ਵੀ ਨਸ਼ਾ ਸਮੱਗਲਰਾਂ ਦੇ ਨਾਲ ਹੋ ਤੁਰੇ ਹਨ।
ਉਨ੍ਹਾਂ ਕਿਹਾ ਕਿ ਨਸ਼ਾ ਮਾਫੀਆ ਨੇ ਜਿਸ ਤਰ੍ਹਾਂ ਪੰਜਾਬ ’ਚ ਆਪਣੇ ਪੈਰ ਪਸਾਰੇ ਹਨ, ਇਸ ਵਰਤਾਰੇ ਨੇ ਕੈਪਟਨ ਅਮਰਿੰਦਰ ਸਿੰਘ ਦੇ ਚਾਰ ਹਫ਼ਤਿਆਂ ਵਿੱਚ ਨਸ਼ੇ ਦਾ ਲੱਕ ਤੋੜਨ ਦੇ ਦਾਅਵੇ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ।