Punjab News: ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਵਿਰਸਾ ਸਿੰਘ ਵਲਟੋਹਾ ਨੂੰ ਸ਼੍ਰੋਮਣੀ ਅਕਾਲੀ ਦਲ ਚੋਂ ਕੱਢਣ ਦਾ ਆਦੇਸ਼ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਜਾਰੀ ਕੀਤਾ ਗਿਆ ਹੈ। ਇਸ ਤੋਂ ਬਾਅਦ ਪੰਜਬਾ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ (Harpal singh Cheema) ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਫ਼ੈਸਲਾ ਬਿਲਕੁਲ ਸਹੀ ਹੈ। ਹੁਣ ਪੰਜਾਬ ਵਿੱਚ ਅਕਾਲੀ ਦਲ ਦਾ ਨਾਂਅ ਲੈਣ ਵਾਲਾ ਕੋਈ ਵੀ ਨਹੀਂ ਬਚਿਆ ਹੈ।
ਇਸ ਮਾਮਲੇ ਬਾਬਤ ਹਰਪਾਲ ਚੀਮਾ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਆਡੀਓ ਵੀਡੀਓ ਚੋਰੀ ਰਿਕਾਰਡ ਕਰਨਾ ਮਾੜੇ ਆਚਰਨ ਦੀ ਨਿਸ਼ਾਨੀ ਹੈ। ਵਿਰਸਾ ਸਿੰਘ (Virsa singh valtoha) ਨੇ ਵਿਧਾਨ ਸਭਾ ਦੇ ਮੈਂਬਰ ਬਣਨ ਤੋਂ ਬਾਅਦ ਵੀ ਕੁਝ ਨਹੀਂ ਸਿੱਖਿਆ।ਚੀਮਾ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਦੇਸ਼ ਆਉਣ ਤੋਂ ਤੁਰੰਤ ਬਾਅਦ ਹੀ ਅਕਾਲੀ ਦਲ ਨੂੰ ਵਲਟੋਹਾ ਨੂੰ ਪਾਰਟੀ ਵਿੱਚੋਂ ਬਾਹਰ ਕੱਢ ਦੇਣਾ ਚਾਹੀਦਾ ਸੀ। ਜੇ ਅਕਾਲੀ ਦਲ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਤਿਕਾਰ ਕਰਦਾ ਹੈ ਤਾਂ ਤੁਰੰਤ ਵਲਟੋਹਾ ਨੂੰ ਪਾਰਟੀ ਚੋਂ ਕੱਢ ਦੇਣਾ ਚਾਹੀਦਾ ਹੈ।
ਹਰਪਾਲ ਚੀਮਾ ਨੇ ਸ਼੍ਰੋਮਣੀ ਅਕਾਲੀ ਦਲ ਉੱਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੇਲੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਵੱਡੀ ਸੱਟ ਵੱਜੀ ਹੈ। ਅਕਾਲੀ ਦਲ ਨੇ ਹਮੇਸ਼ਾ ਪੰਥ ਤੇ ਪੰਜਾਬ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਹੁਣ ਹਲਾਤ ਇਹ ਹਨ ਕਿ ਸ਼੍ਰੋਮਣੀ ਅਕਾਲੀ ਦਲ ਦਾ ਨਾਂਅ ਲੈਣ ਵਾਲਾ ਵੀ ਕੋਈ ਬਚਿਆ ਨਹੀਂ ਹੈ। ਪੰਜਾਬ ਵਿੱਚੋਂ ਅਕਾਲੀ ਦਲ ਬਿਲਕੁਲ ਖ਼ਤਮ ਹੋ ਗਿਆ ਹੈ ਤੇ ਹੁਣ ਸਿਰਫ਼ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਿਆ ਹੈ।
ਜ਼ਿਕਰ ਕਰ ਦਈਏ ਕਿ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਉਹ ਬਿਮਾਰੀ ਸੀ ਤੇ ਉਸ ਮੌਕੇ ਵਲਟੋਹਾ ਘਰ ਵਿੱਚ ਹਾਲ ਜਾਣਨ ਲਈ ਆਇਆ ਤਾਂ ਇਸ ਮੌਕੇ ਉਸ ਨੇ ਧਮਕੀ ਦਿੱਤੀ ਕਿ ਜੇ ਸੁਖਬੀਰ ਸਿੰਘ ਬਾਦਲ ਨੇ ਖ਼ਿਲਾਫ਼ ਕੋਈ ਉਲਟਾ ਕੋਈ ਫ਼ੈਸਲਾ ਕੀਤਾ ਤਾਂ ਖੰਡਾ ਖੜਕਾਅ ਦੇਵੇਗਾ। ਜਥੇਦਾਰ ਨੇ ਕਿਹਾ ਕਿ ਵਲਟੋਹਾ ਨੇ ਹੋਈਆਂ ਗੱਲਾਂ ਦੀ ਮੋਬਾਇਲ ਉੱਤੇ ਰਿਕਾਡਿੰਗ ਕੀਤੀ ਜੋ ਕਿ ਇੱਕ ਵਿਸ਼ਵਾਸ਼ਘਾਤ ਹੈ। ਇਸ ਤੋਂ ਬਾਅਦ ਕਾਰਵਾਈ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਨੂੰ ਵਿਰਸਾ ਸਿੰਘ ਵਲਟੋਹਾ ਨੂੰ ਪਾਰਟੀ ਚੋਂ 10 ਸਾਲਾਂ ਲਈ ਕੱਢਣ ਦੇ ਆਦੇਸ਼ ਜਾਰੀ ਕੀਤੇ ਗਏ ਹਨ।