ਨਵੀਂ ਦਿੱਲੀ: ਪ੍ਰਾਈਵੇਟ ਹਸਪਤਾਲਾਂ ਨੂੰ ਕੋਰੋਨਾ ਵੈਕਸੀਨ ਵੇਚੇ ਜਾਣ ਤੇ ਅਕਾਲੀ ਦਲ ਨੇ ਕੈਪਟਨ ਸਰਕਾਰ ਨੂੰ ਘੇਰਿਆ ਹੈ।ਅਕਾਲੀ ਦੇ ਹਰਸਿਮਰਤ ਕੌਰ ਬਾਦਲ ਨੇ ਕਾਂਗਰਸ ਨੂੰ ਤਿੱਖੇ ਸਵਾਲ ਕੀਤੇ ਹਨ।


ਹਰਸਿਮਰਤ ਕੌਰ ਬਾਦਲ ਨੇ ਕਿਹਾ, "ਪੰਜਾਬ ਸਰਕਾਰ ਦਾ ਇਰਾਦਾ ਕੀ ਹੈ? ਕੀ ਉਹ ਗਰੀਬ ਲੋਕਾਂ ਦੀ ਜਾਨ ਬਚਾਉਣਾ ਚਾਹੁੰਦੇ ਹਨ ਜਾਂ ਉਹ ਗਰੀਬਾਂ ਲਈ ਬਣਾਏ ਟੀਕਿਆਂ ਤੋਂ ਮੁਨਾਫਾ ਕਮਾਉਣਾ ਚਾਹੁੰਦੇ ਹਨ? ਇਹ ਸਪੱਸ਼ਟ ਹੈ ਕਿ ਉਨ੍ਹਾਂ ਨੇ ਨਿੱਜੀ ਹਸਪਤਾਲਾਂ ਤੋਂ ਪੈਸੇ ਲੈ ਕੇ ਗਰੀਬਾਂ ਲਈ ਆਏ ਟੀਕਿਆਂ ਦਾ ਵਪਾਰ ਕਰਕੇ ਘੁਟਾਲਾ ਕੀਤਾ ਹੈ।"


ਅਕਾਲੀ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਲਜ਼ਾਮ ਲਾਏ ਕਿ, "ਪੰਜਾਬ ਸਰਕਾਰ ਮੁਨਾਫਾਖੋਰੀ ਵਿੱਚ ਉਲਝੀ ਹੈ। ਇਸ ਘੁਟਾਲੇ ਦੇ ਸਾਹਮਣੇ ਆਉਣ ਤੋਂ ਬਾਅਦ, ਉਨ੍ਹਾਂ ਨੇ (ਨਿੱਜੀ ਹਸਪਤਾਲਾਂ ਨੂੰ ਟੀਕੇ ਵੇਚਣ) ਦਾ ਹੁਕਮ ਵਾਪਸ ਲੈ ਲਿਆ ਹੈ।"  


ਹਰਸਿਮਰਤ ਕੌਰ ਬਾਦਲ ਨੇ ਸਿਹਤ ਵਿਭਾਗ ਦੇ ਉਸ ਬਿਆਨ ਦਾ ਜਵਾਬ ਦਿੱਤਾ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ "ਉਹ ਟੀਕਾ ਪ੍ਰਕਿਰਿਆ ਦੇ ਇੰਚਾਰਜ ਨਹੀਂ ਹਨ।" ਬੀਬਾ ਬਾਦਲ ਨੇ ਕਿਹਾ, " ਕੀ ਕੋਈ ਸਿਹਤ ਮੰਤਰੀ ਆਪਣੇ ਮੰਤਰਾਲੇ ਵੱਲੋਂ ਜਾਰੀ ਕੀਤੇ ਆਦੇਸ਼ਾਂ ਤੋਂ ਆਪਣੇ ਹੱਥ ਧੋ ਸਕਦਾ ਹੈ? ਕੀ ਉਸਦਾ ਮਤਲਬ ਹੈ ਕਿ ਇਹ ਘੁਟਾਲਾ ਮੁੱਖ ਮੰਤਰੀ ਵੱਲੋਂ ਕੀਤਾ ਗਿਆ ਸੀ। ਇਹ ਉਨ੍ਹਾਂ ਵੱਲੋਂ ਦਿੱਤੇ ਬੇਬੁਨਿਆਦ ਬਿਆਨ ਹਨ।"


ਉਨ੍ਹਾਂ ਕਿਹਾ,  " ਜਦੋਂ ਦੂਸਰੇ ਦੇਸ਼ ਆਪਣੇ ਲੋਕਾਂ ਨੂੰ ਟੀਕਾ ਲਗਾ ਰਹੇ ਸੀ, ਤਾਂ ਕੇਂਦਰ ਟੀਕੇ ਨਿਰਯਾਤ ਕਰ ਰਿਹਾ ਸੀ। ਹੁਣ ਉਨ੍ਹਾਂ ਕੋਲ ਟੀਕਿਆਂ ਦੀ ਘਾਟ ਹੈ, ਪਰ ਮੁਨਾਫੇ ਲਈ ਟੀਕੇ ਵਿੱਕ ਰਿਹਾ ਹੈ ਉਹ ਵੀ ਪਹਿਲੀ ਵਾਰ ਤੇ ਅਜਿਹਾ ਪੰਜਾਬ ਵਿੱਚ ਹੋਇਆ ਹੈ।"


ਹਰਸਿਮਰਤ ਨੇ ਕਿਹਾ, "ਰਾਹੁਲ ਗਾਂਧੀ ਸੁਝਾਅ ਦਿੰਦੇ ਹਨ ਕਿ ਗਰੀਬਾਂ ਨੂੰ ਟੀਕੇ ਮੁਫਤ ਦਿੱਤੇ ਜਾਣੇ ਚਾਹੀਦੇ ਹਨ ਅਤੇ ਜਦੋਂ ਉਨ੍ਹਾਂ ਦੀ ਪਾਰਟੀ ਦੀ ਪੰਜਾਬ ਸਰਕਾਰ ਹਰ ਖੁਰਾਕ 'ਤੇ 650 ਰੁਪਏ ਕਮਾ ਰਹੀ ਹੈ ਤਾਂ ਉਹ ਚੁੱਪ ਕਿਉਂ ਹਨ? ਜੇ ਉਹ ਇਸ 'ਤੇ ਚੁੱਪ ਹਨ, ਤਾਂ ਇਹ ਕੈਪਟਨ ਅਤੇ ਪਾਰਟੀ ਹਾਈਕਮਾਨ ਵਿਚਾਲੇ ਕੁਝ ਸਮਝੌਤੇ ਦੀ ਪੁਸ਼ਟੀ ਕਰਦਾ ਹੈ।"