ਚੰਡੀਗੜ੍ਹ: ਪੰਜਾਬ ਦੀ ਕੈਪਟਨ ਅਮਰਿੰਦਰ ਸਰਕਾਰ ਨੇ ਨਿੱਜੀ ਹਸਪਤਾਲਾਂ ਨੂੰ ਕੋਰੋਨ ਟੀਕਾਕਰਨ ਬਾਰੇ ਦਿੱਤੇ ਹੁਕਮ ਵਾਪਸ ਲੈ ਲਏ ਹਨ।ਏਬੀਪੀ ਨਿਊਜ਼ ‘ਤੇ ਮਾਮਲਾ ਉੱਠਣ ਮਗਰੋਂ ਕਾਰਵਾਈ ਕਰਦੇ ਹੋਏ ਪੰਜਾਬ ਸਰਕਾਰ ਨੇ ਇਹ ਹੁਕਮ ਵਾਪਸ ਲੈ ਲਏ ਹਨ।ਇਸਦੇ ਨਾਲ ਹੀ, ਸਰਕਾਰ ਨੇ ਨਿੱਜੀ ਹਸਪਤਾਲਾਂ ਕੋਲੋਂ ਉਹ ਟੀਕਾ ਖੁਰਾਕਾਂ ਵੀ ਵਾਪਸ ਲੈ ਲਈਆਂ ਹਨ ਜੋ ਅਜੇ ਇਸਤਮਾਲ ਨਹੀਂ ਹੋਈਆਂ।


ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ, "ਪ੍ਰਾਈਵੇਟ ਹਸਪਤਾਲਾਂ ਨੂੰ ਦਿੱਤੇ ਗਏ 42000 ਕੋਰੋਨਾ ਟੀਕੇ ਵਾਪਸ ਲੈ ਲਏ ਹਨ।ਮੁੱਖ ਮੰਤਰੀ ਨੇ ਤੁਰੰਤ ਇਸ ਘਟਨਾ ਅਤੇ ਇਹ ਫੈਸਲਾ ਕੀਤਾ ਹੈ।ਜਿਨ੍ਹਾਂ ਨੇ ਟੀਕੇ ਦੀ ਵਾਧੂ ਕੀਮਤ ਅਦਾ ਕੀਤੀ ਹੈ, ਉਨ੍ਹਾਂ ਨੂੰ ਸਰਕਾਰ ਵੱਲੋਂ ਪੈਸੇ ਰਿਫੰਡ ਵੀ ਕੀਤੇ ਜਾਣਗੇ।" 


 









ਇਸ ਤੋਂ ਇਲਾਵਾ ਹਸਪਤਾਲਾਂ ਵੱਲੋਂ ਵੈਕਸੀਨੇਸ਼ਨ ਫੰਡ ਵਿੱਚ ਦਿੱਤੇ ਗਏ ਪੈਸੇ ਵੀ ਸਰਕਾਰ ਵਾਪਸ ਕਰ ਦੇਵੇਗੀ। ਪੰਜਾਬ ਸਰਕਾਰ ਨੇ ਟੀਕਾ ਫੰਡ ਇਕੱਠੇ ਕਰਨ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ, ਜਿਸ ਵਿੱਚ ਅਮਰਿੰਦਰ ਸਰਕਾਰ ਨਿੱਜੀ ਹਸਪਤਾਲਾਂ ਵੱਲੋਂ ਦਿੱਤੇ ਪੈਸੇ ਹੁਣ ਵਾਪਸ ਕਰੇਗੀ। 


ਕੈਪਟਨ ਸਰਕਾਰ ਦਾ ਯੂ-ਟਰਨ
ਪ੍ਰਾਈਵੇਟ ਹਸਪਤਾਲਾਂ ਨੂੰ ਵੈਕਸੀਨ ਵੇਚੇ ਜਾਣ ਦਾ ਮੁੱਦਾ ਗਰਮਾਉਣ ਮਗਰੋਂ ਪੰਜਾਬ ਸਰਕਾਰ ਨੇ ਪੈਰ ਪਛਾਂਹ ਕਰ ਲਿਆ।ਉਸ ਨੇ ਨਿੱਜੀ ਹਸਪਤਾਲਾਂ ਰਾਹੀਂ 18-44 ਸਾਲ ਦੀ ਉਮਰ ਸਮੂਹ ਨੂੰ ਇਕ ਸਮੇਂ ਦੀ ਸੀਮਤ ਟੀਕਾ ਖੁਰਾਕ ਮੁਹੱਈਆ ਕਰਵਾਉਣ ਦਾ ਆਦੇਸ਼ ਵਾਪਸ ਲੈ ਲਿਆ ਹੈ। ਪ੍ਰਾਈਵੇਟ ਹਸਪਤਾਲਾਂ ਨੂੰ ਕਿਹਾ ਸੀ ਕਿ ਉਹ ਆਪਣੇ ਕੋਲ ਉਪਲਬਧ ਸਾਰੀ ਵੈਕਸੀਨ ਵਾਪਸ ਕਰਨ।


ਕੋਰੋਨਾ ਵੈਕਸੀਨ ਪ੍ਰਾਈਵੇਟ ਹਸਪਤਾਲਾਂ ਨੂੰ ਦੇਣ ਤੇ ਵੱਡੇ ਘੁਟਾਲੇ ਦਾ ਸਵਾਲ ABP ਨਿਊਜ਼ ਨੇ ਚੁੱਕਿਆ ਸੀ। ਜਿਸ ਮਗਰੋਂ ਵਿਰੋਧੀ ਧਿਰਾਂ ਵੀ ਕਾਂਗਰਸ ਨੂੰ ਇਸ ਮੁੱਦੇ ਤੇ ਘੇਰ ਰਹੀਆਂ ਸੀ।ਸਰਕਾਰੀ ਹਸਪਤਾਲਾਂ ਵਿੱਚ ਫਰੀ ਮਿਲਣ ਵਾਲਾ ਟੀਕਾ ਪ੍ਰਾਈਵੇਟ ਹਸਪਤਾਲਾਂ ਵਿੱਚ ਮਹਿੰਗੇ ਰੇਟਾਂ ਤੇ ਵਿਕ ਰਿਹਾ ਸੀ।ਦੱਸ ਦੇਈਏ ਕਿ ਸਰਕਾਰ ਨੇ ਪ੍ਰਾਈਵੇਟ ਹਸਪਤਾਲਾਂ ਨੂੰ 42 ਹਜ਼ਾਰ ਦੇ ਕਰੀਬ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਸੀ ਜੋ ਹੁਣ ਵਾਪਸ ਲੈ ਲਈਆਂ ਹਨ।