ਹਰਸਿਮਰਤ ਬਾਦਲ ਨੇ ਮੰਗੀ ਸਿੱਖ ਸੰਗਤ ਤੋਂ ਮਾਫੀ
ਏਬੀਪੀ ਸਾਂਝਾ | 27 Nov 2018 04:41 PM (IST)
ਪੁਰਾਣੀ ਤਸਵੀਰ
ਚੰਡੀਗੜ੍ਹ: ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸਿੱਖ ਸੰਗਤ ਤੇ ਪਰਮਾਤਮਾ ਤੋਂ ਮਾਪੀ ਮੰਗੀ ਹੈ। ਉਨ੍ਹਾਂ ਨੇ ਫੇਸਬੁੱਕ 'ਤੇ ਪੋਸਟ ਪਾ ਕੇ ਮਾਫੀ ਮੰਗਦਿਆਂ ਕਿਹਾ ਹੈ ਕਿ ਕੱਲ੍ਹ ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਸਮਾਗਮ ਵਿੱਚ ਉਨ੍ਹਾਂ ਤੋਂ ਗੁਰਬਾਣੀ ਦੀ ਪੰਗਤੀ ਦਾ ਉਚਾਰਣ ਗਲਤ ਹੋ ਗਿਆ ਸੀ। ਇਸ ਲਈ ਉਹ ਮਾਫੀ ਮੰਗਦੇ ਹਨ। ਯਾਦ ਰਹੇ ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਮੌਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਗੁਰਬਾਣੀ ਦੀ ਪੰਕਤੀ ਗਲਤ ਤਰੀਕੇ ਨਾਲ ਪੜ੍ਹ ਦਿੱਤੀ ਸੀ। ਹਰਸਿਮਰਤ ਬਾਦਲ ਨੇ ਭਾਸ਼ਨ ਦੌਰਾਨ ਗੁਰਬਾਣੀ ਦੀ ਪੰਗਤੀ 'ਸੁਣੀ ਅਰਦਾਸਿ ਸੁਆਮੀ ਮੇਰੇ, ਸਰਬ ਕਲਾ ਬਣ ਆਈ' ਦੀ ਥਾਂ 'ਸਗਲ ਘਟਾ ਬਣ ਆਈ' ਪੜ੍ਹ ਦਿੱਤੀ। ਸਿੱਖ ਜਥੇਬੰਦੀਆਂ ਨੇ ਇਸ ਨੂੰ ਬੱਜਰ ਗਲਤੀ ਕਰਾਰ ਦਿੰਦਿਆਂ ਹਰਸਿਮਰਤ ਬਾਦਲ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਆਮ ਆਦਮੀ ਪਾਰਟੀ ਦੇ ਮੁਅੱਤਲ ਵਿਧਾਇਕ ਸੁਖਪਾਲ ਖਹਿਰਾ ਨੇ ਵੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਹਰਸਿਮਰਤ ਖਿਲਾਫ ਕਾਰਵਾਈ ਮੰਗੀ ਹੈ। ਇਸ ਤੋਂ ਇਲਾਵਾ ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਮੌਕੇ ਹਰਸਿਮਰਤ ਬਾਦਲ ਨੂੰ ਸਿਆਸੀ ਬਿਆਨਬਾਜ਼ੀ ਕਰਕੇ ਵੀ ਅਲੋਚਨਾ ਸਹਿਣੀ ਪਈ ਹੈ। ਕਾਂਗਰਸ ਨੇ ਇਲਜ਼ਾਮ ਲਾਇਆ ਹੈ ਕਿ ਉੱਪ ਰਾਸ਼ਟਰਪਤੀ ਦੀ ਹਾਜ਼ਰੀ ਵਿੱਚ ਹਰਸਿਮਰਤ ਬਾਦਲ ਨੇ ਪ੍ਰੋਟੋਕੋਲ ਤੋੜਿਆ ਹੈ। ਕਾਂਗਰਸ ਨੇ ਉਨ੍ਹਾਂ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਸੀ।