ਚੰਡੀਗੜ੍ਹ: ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਮੌਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਇੱਕ ਹੋਰ ਵਿਵਾਦ ਵਿੱਚ ਘਿਰ ਗਈ ਹੈ। ਇਸ ਮੌਕੇ ਹਰਸਿਮਰਤ ਬਾਦਲ ਨੇ ਗੁਰਬਾਣੀ ਦੀ ਪੰਕਤੀ ਹੀ ਗਲਤ ਤਰੀਕੇ ਨਾਲ ਪੜ੍ਹ ਦਿੱਤੀ। ਆਮ ਆਦਮੀ ਪਾਰਟੀ ਦੇ ਮੁਅੱਤਲ ਵਿਧਾਇਕ ਸੁਖਪਾਲ ਖਹਿਰਾ ਨੇ ਕਿਹਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਹਰਸਿਮਰਤ ਖਿਲਾਫ ਕਾਰਵਾਈ ਮੰਗੀ ਹੈ।
ਦਰਅਸਲ ਹਰਸਿਮਰਤ ਬਾਦਲ ਨੇ ਭਾਸ਼ਨ ਦੌਰਾਨ ਗੁਰਬਾਣੀ ਦੀ ਪੰਗਤੀ 'ਸੁਣੀ ਅਰਦਾਸਿ ਸੁਆਮੀ ਮੇਰੇ, ਸਰਬ ਕਲਾ ਬਣ ਆਈ' ਦੀ ਥਾਂ 'ਸਗਲ ਘਟਾ ਬਣ ਆਈ' ਪੜ੍ਹ ਦਿੱਤੀ। ਸਿੱਖ ਜਥੇਬੰਦੀਆਂ ਨੇ ਇਸ ਨੂੰ ਬੱਜਰ ਗਲਤੀ ਕਰਾਰ ਦਿੰਦਿਆਂ ਹਰਸਿਮਰਤ ਬਾਦਲ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।
ਇਸ ਤੋਂ ਇਲਾਵਾ ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਮੌਕੇ ਹਰਸਿਮਰਤ ਬਾਦਲ ਨੂੰ ਸਿਆਸੀ ਬਿਆਨਬਾਜ਼ੀ ਕਰਕੇ ਵੀ ਅਲੋਚਨਾ ਸਹਿਣੀ ਪਈ ਹੈ। ਕਾਂਗਰਸ ਨੇ ਇਲਜ਼ਾਮ ਲਾਇਆ ਹੈ ਕਿ ਉੱਪ ਰਾਸ਼ਟਰਪਤੀ ਦੀ ਹਾਜ਼ਰੀ ਵਿੱਚ ਹਰਸਿਮਰਤ ਬਾਦਲ ਨੇ ਪ੍ਰੋਟੋਕੋਲ ਤੋੜਿਆ ਹੈ। ਕਾਂਗਰਸ ਨੇ ਉਨ੍ਹਾਂ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਸੀ।